ਸੜਕ ‘ਤੇ ਖੜ੍ਹੀ ਟਰੈਕਟਰ-ਟਰਾਲੀ ‘ਚ ਇਕ ਤੋਂ ਬਾਅਦ ਇਕ ਵਾਹਨਾਂ ਦੀ ਟੱਕਰ

ਭਵਾਨੀਗੜ੍ਹ – ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਉਪਰ ਖਰਾਬ ਹਾਲਤ ਵਿਚ ਖੜੇ ਇਕ ਝੌਨੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਪਿਛੋਂ ਆ ਰਹੀ ਇਕ ਪੀ.ਆਰ.ਟੀ.ਸੀ ਦੀ ਏ.ਸੀ ਬੱਸ ਵੱਲੋਂ ਟੱਕਰ ਮਾਰ ਦੇਣ ਕਾਰਨ ਹੋਏ ਹਾਦਸੇ ਵਿਚ ਟਰੈਕਟਰ ਚਾਲਕ ਕਿਸਾਨ ਦੀ ਮੌਤ ਹੋ ਜਾਣ ਅਤੇ ਉਸ ਦੇ ਸਾਥੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਇਲਾਕੇ ਵਿਚ ਪਈ ਧੂੰਦ ਕਾਰਨ ਸੜਕ ਉਪਰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਜਿਸ ਦੇ ਚਲਦਿਆਂ ਹੀ ਪਿੰਡ ਹਰਕ੍ਰਿਸ਼ਨਪੁਰਾ ਨੇੜੇ ਮੁੱਖ ਸੜਕ ਉਪਰ ਖਰਾਬ ਹਾਲਤ ਵਿਚ ਖੜੇ ਇਕ ਟਰੈਕਟਰ ਟਰਾਲੀ ਜੋ ਕਿ ਝੌਨੇ ਦਾ ਭਰਿਆ ਹੋਇਆ ਸੀ ਨੂੰ ਜਦੋਂ ਉਸ ਦਾ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਟੂਹਾ ਅਤੇ ਉਸ ਦਾ ਇਕ ਹੋਰ ਸਾਥੀ ਜਤਿੰਦਰਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਟੂਹਾ ਜਦੋਂ ਠੀਕ ਕਰ ਰਹੇ ਸਨ ਤਾਂ ਸੰਗਰੂਰ ਸਾਇਡ ਤੋਂ ਆ ਰਹੀ ਇਕ ਪੀ.ਆਰ.ਟੀ.ਸੀ ਦੀ ਬੱਸ ਨੇ ਇਸ ਟਰੈਕਟਰ ਟਰਾਲੀ ਨੂੰ ਪਿਛੋਂ ਫੇਟ ਮਾਰ ਦਿੱਤੀ ਅਤੇ ਬੱਸ ਦੇ ਪਿਛੇ ਆ ਰਹੀ ਇਕ ਹੋਰ ਬੱਸ ਇਸ ਬੱਸ ਦੇ ਪਿਛੇ ਆ ਟਕਰਾਈ। ਇਸ ਹਾਦਸੇ ਵਿਚ ਝੌਨੇ ਨਾਲ ਭਰੀ ਟਰਾਲੀ ਪਲਟ ਗਈ ਅਤੇ ਟਰੈਕਟਰ ਨੂੰ ਠੀਕ ਕਰ ਰਿਹਾ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਟਰਾਲੀ ਹੇਠ ਆ ਗਿਆ। ਜਿਸ ਦੀ ਘਟਨਾਂ ਮੌਕੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਸਾਥੀ ਜਤਿੰਦਰਪਾਲ ਸਿੰਘ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਇਥੇ ਸੜਕ ਉਪਰ ਦਰਜਨਾਂ ਹੋਰ ਵਾਹਨ ਆਪਸ ਵਿਚ ਟਕਰਾ ਜਾਣ ਕਾਰਨ ਨੁਕਸਾਨੇ ਗਏ। ਇਸ ਹਾਦਸੇ ਵਿਚ ਬੱਸ ਚਾਲਕ ਜਤਿੰਦਰ ਸਿੰਘ ਅਤੇ ਕੁਝ ਸਵਾਰੀਆਂ ਵੀ ਜਖ਼ਮੀ ਹੋ ਗਈਆਂ।

VIA PUNJAB