Skip to content
• ਕੇਂਦਰ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਲਈ ਤੁਰੰਤ ਫਾਂਸੀ ਦਾ ਕਾਨੂੰਨ ਲਿਆਵੇ
• ਬੇਅਦਬੀਆਂ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਦੀ ਢਿੱਲੀ ਕਾਰਵਾਈ ਕਾਰਨ ਸੰਗਤਾਂ ਨੂੰ ਹੋਣਾ ਪੈ ਰਿਹਾ ਖ਼ੁਦ ਇਨਸਾਫ਼ ਲਈ ਮਜਬੂਰ
ਸ੍ਰੀ ਅਨੰਦਪੁਰ ਸਾਹਿਬ, 19 ਦਸੰਬਰ (ਤਲਵਿੰਦਰ ਸਿੰਘ ਬੁੱਟਰ)
ਬੀਤੇ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਵਾਪਰੀ ਹਿਰਦੇਵੇਦਕ ਘਟਨਾ ‘ਤੇ ਅਹਿਮ ਬਿਆਨ ਦਿੰਦਿਆਂ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਖਿਆ ਹੈ ਕਿ ਹੁਣ ਸਿੱਖਾਂ ਦੇ ਸਬਰ ਦਾ ਅੰਤ ਪਰਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਖ਼ਤਰਨਾਕ ਸਾਬਤ ਹੋਵੇਗੀ। ਉਨ੍ਹਾਂ ਨੇ ਦੋਸ਼ੀ ਨੂੰ ਸੋਧਾ ਲਾਉਣ ਦੀ ਕਾਰਵਾਈ ਨੂੰ ਕਾਨੂੰਨ ਦੀ ਨਾਕਾਮੀ ਦਾ ਨਤੀਜਾ ਦੱਸਦਿਆਂ ਕਿਹਾ ਕਿ ਜੇਕਰ ਹੁਣ ਤੱਕ ਸੈਂਕੜੇ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਕਾਨੂੰਨ ਇਸ ਦੁਖਦਾਈ ਵਰਤਾਰੇ ਦੀਆਂ ਜੜ੍ਹਾਂ ਤੱਕ ਪਹੁੰਚਦਾ ਤਾਂ ਸੰਗਤਾਂ ਨੂੰ ਖ਼ੁਦ ਇਨਸਾਫ਼ ਕਰਨ ਦਾ ਇਹ ਕਦਮ ਨਾ ਚੁੱਕਣਾ ਪੈਂਦਾ।
ਅੱਜ ਜਾਰੀ ਕੀਤੇ ਇਕ ਬਿਆਨ ਵਿਚ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਹਰੇਕ ਧਰਮ ਦੇ ਵਿਸ਼ਵਾਸਾਂ ਦਾ ਸਤਿਕਾਰ ਕਰਦੇ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਇਕੋ ਇਕ ਅਜਿਹਾ ਧਰਮ ਅਸਥਾਨ ਹੈ, ਜਿਹੜਾ ਸਰਬ ਸਾਂਝੀਵਾਲਤਾ ਤੇ ਬਰਾਬਰਤਾ ਦਾ ਜ਼ਾਮਨ ਹੈ ਪਰ ਸਿੱਖਾਂ ਦੇ ਇਸ ਪਾਵਨ ਅਸਥਾਨ ‘ਤੇ ਬੇਅਦਬੀ ਵਰਗੀ ਘਟਨਾ ਨੂੰ ਮਨੁੱਖਤਾ ਦੇ ਨਾਂਅ ‘ਤੇ ਕਲੰਕ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਦੁਸ਼ਟ ਦਾ ਕੋਈ ਵੀ ਧਰਮ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਪਿੰਡਾਂ ਦੇ ਗੁਰਦੁਆਰਿਆਂ ਤੋਂ ਸ਼ੁਰੂ ਹੋ ਕੇ ਖ਼ਾਲਸਾ ਪੰਥ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦਿਆਂ ਹੋਇਆਂ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਹੁਣ ਸਿੱਖਾਂ ਦੇ ਸਬਰ ਦਾ ਅੰਤ ਪਰਖਣ ਦੀ ਖ਼ਤਰਨਾਕ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਪੂਰਥਲਾ ਨੇੜੇ ਵੀ ਇਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਅਤੇ ਦੋਸ਼ੀ ਨੂੰ ਸੰਗਤ ਵਲੋਂ ਸੋਧਾ ਲਾਉਣ ਦੀ ਘਟਨਾ ਸਬੰਧੀ ਵੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਵੀ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਸਿੱਖਾਂ ਦੀ ਅਣਖ-ਗੈਰਤ ਦਾ ਅੰਤ ਵੇਖਣ ਵਾਲੀਆਂ ਬੇਅਦਬੀ ਦੀਆਂ ਸਾਜ਼ਿਸ਼ਾਂ ਨੂੰ ਤੁਰੰਤ ਬੇਪਰਦ ਕਰਕੇ ਰੋਕਿਆ ਜਾਵੇ, ਨਹੀਂ ਤਾਂ ਇਹ ਵਰਤਾਰਾ ਅਮਨ-ਕਾਨੂੰਨ ਤੇ ਫਿਰਕੂ ਸਦਭਾਵਨਾ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੁਝ ਸੈਕਿੰਟਾਂ ਵਿਚ ਹੀ ਨਾਮਾਲੂਮ ਦੁਸ਼ਟ ਨੇ ਬੀਤੇ ਕੱਲ੍ਹ ਬੇਅਦਬੀ ਦੀ ਨੀਅਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਈ ਕਿਰਪਾਨ ਚੁੱਕ ਕੇ ਉੱਥੇ ਹਾਜ਼ਰ ਸੇਵਾਦਾਰਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਇਹ ਦੁਸ਼ਟ ਬੜੀ ਯੋਜਨਾਬੱਧ ਸਿਖਲਾਈ ਤੋਂ ਬਾਅਦ ਹੀ ਬੇਅਦਬੀ ਕਰਨ ਦੀ ਨੀਅਤ ਨਾਲ ਆਇਆ ਸੀ ਅਤੇ ਇਸ ਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਦੇ ਨਾਪਾਕ ਮਕਸਦ ਹੋਣਗੇ, ਜਿਨ੍ਹਾਂ ਨੂੰ ਸਾਹਮਣੇ ਲਿਆਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਬੇਅਦਬੀ ਦੇ ਦੋਸ਼ੀ ਨੇ ਸੰਗਤ ਵਲੋਂ ਕੀਤੀ ਕੁੱਟਮਾਰ ਵਿਚ ਵੀ ਕੁਝ ਵੀ ਇਕਬਾਲ ਨਹੀਂ ਕੀਤਾ, ਉਸ ਤੋਂ ਇਹ ਗੱਲ ਵੀ ਸਪੱਸ਼ਟ ਹੈ ਕਿ ਸਿੱਖ ਵਿਰੋਧੀ ਤਾਕਤਾਂ ਵਲੋੰ ਬੇਅਦਬੀ ਦੀਆਂ ਘਟਨਾਵਾਂ ਲਈ ਫਿਦਾਈਨ ਹਮਲਾਵਰਾਂ ਦੀ ਤਰਜ਼ ‘ਤੇ ਇਹੋ ਜਿਹੇ ਤਰੀਕੇ ਨਾਲ ਵਿਅਕਤੀਆਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ, ਕਿ ਉਹ ਮਰ ਜਾਣ ਪਰ ਆਪਣੇ ਮਕਸਦ ਅਤੇ ਸਾਜ਼ਿਸ਼ ਬਾਰੇ ਕੁਝ ਵੀ ਨਾ ਦੱਸਣ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਉੱਪਰ ਸਿੱਖਾਂ ਲਈ ਹੋਰ ਕੁਝ ਵੀ ਨਹੀਂ ਹੈ। ਸਿੱਖ ਆਪਣੇ ਇਸ਼ਟ ‘ਤੇ ਹੋਰ ਹਮਲੇ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖਾਂ ਦੇ ਇਸ ਪਾਵਨ-ਪਵਿੱਤਰ ਅਸਥਾਨ ‘ਤੇ ਬੇਅਦਬੀ ਦੀ ਘਟਨਾ ਨੂੰ ਦੇਸ਼ ਨੂੰ ਤੋੜਨ ਅਤੇ ਦੰਗੇ ਭੜਕਾਉਣ, ਵੱਖ-ਵੱਖ ਭਾਈਚਾਰਿਆਂ ਵਿਚ ਪਾੜ ਪਾਉਣ ਦੇ ਸੰਗੀਨ ਜ਼ੁਰਮ ਦੀ ਜ਼ਦ ਵਿਚ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਤੱਕ ਬੇਅਦਬੀਆਂ ਦੇ ਦੋਸ਼ੀਆਂ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲਚਕੀਲੇ ਤੇ ਦੋਸ਼ ਪੂਰਨ ਕਾਨੂੰਨ ਤਹਿਤ ਹੀ ਲਿਆ ਜਾਂਦਾ ਰਿਹਾ ਹੈ, ਜਿਸ ਕਰਕੇ ਸਖ਼ਤ ਸਜ਼ਾਵਾਂ ਨਾ ਮਿਲਣ ਕਾਰਨ ਦੋਸ਼ੀ ਬਚ ਜਾਂਦੇ ਹਨ। ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਨੂੰ ਤੁਰੰਤ ਇਹੋ ਜਿਹਾ ਕਾਨੂੰਨ ਲਿਆਉਣ ਦੀ ਅਪੀਲ ਕੀਤੀ ਹੈ, ਜਿਸ ਨਾਲ ਕਿਸੇ ਵੀ ਧਰਮ ਦੇ ਪਾਵਨ ਗ੍ਰੰਥ ਜਾਂ ਪਾਵਨ ਅਸਥਾਨ ਦੀ ਬੇਅਦਬੀ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦਾ ਪ੍ਰਬੰਧ ਹੋਵੇ।