ਸੱਜਣ ਕੁਮਾਰ ਦੀ ਪਟੀਸ਼ਨ ਤੇ ਸੀ. ਬੀ. ਆਈ ਨੂੰ ਸੁਪਰੀਮ ਕੋਰਟ ਦਾ ਨੋਟਿਸ

ਨਵੀਂ ਦਿੱਲੀ – 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ| ਸੱਜਣ ਨੇ ਦਿੱਲੀ ਹਾਈ ਕੋਰਟ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦਿਆਂ ਸੀ. ਬੀ. ਆਈ. ਨੂੰ ਨੋਟਿਸ ਭੇਜਿਆ ਹੈ ਅਤੇ ਉਸ ਦਾ ਜਵਾਬ ਮੰਗਿਆ ਹੈ| ਇਸ ਮਾਮਲੇ ਵਿਚ ਅਗਲੀ ਸੁਣਵਾਈ 6 ਹਫਤਿਆਂ ਬਾਅਦ ਹੋਵੇਗੀ| ਜਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਬੀਤੇ ਸਾਲ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਹੱਤਿਆ ਦੀ ਅਪਰਾਧਕ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ| ਸਜ਼ਾ ਤੋਂ ਬਾਅਦ ਸੱਜਣ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਅਤੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੇ ਅੱਜ ਸੁਣਵਾਈ ਹੋਈ| ਸੱਜਣ ਨੇ 31 ਦਸੰਬਰ ਨੂੰ ਆਤਮ-ਸਮਰਪਣ ਕੀਤਾ ਸੀ| ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ 2700 ਤੋਂ ਵੱਧ ਸਿੱਖ ਮਾਰੇ ਗਏ ਸਨ, ਜੋ ਕਿ ਬਹੁਤ ਵੱਡਾ ਕਤਲੇਆਮ ਸੀ| ਕੋਰਟ ਨੇ ਕਿਹਾ ਸੀ ਕਿ ਇਹ ਕਤਲੇਆਮ ਮਨੁੱਖਤਾ ਵਿਰੁੱਧ ਉਨ੍ਹਾਂ ਲੋਕਾਂ ਜ਼ਰੀਏ ਕੀਤਾ ਗਿਆ ਅਪਰਾਧ ਸੀ, ਜਿਨ੍ਹਾਂ ਨੂੰ ਸਿਆਸੀ ਸੁਰੱਖਿਆ ਪ੍ਰਾਪਤ ਸੀ| ਦੰਗਿਆਂ ਦਾ ਦੁੱਖ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਤਕਰੀਬਨ 34 ਸਾਲਾਂ ਬਾਅਦ ਨਿਆਂ ਮਿਲਿਆ ਹੈ|

VIA PUNJAB