ਹਾਰਦਿਕ ਪਟੇਲ ਨੇ ਪਾਣੀ ਪੀਣਾ ਕੀਤਾ ਬੰਦ

ਅਹਿਮਦਾਬਾਦ – ਪਾਟੀਦਾਰ ਆਗੂ ਹਾਰਦਿਕ ਪਟੇਲ ਵੱਲੋਂ ਸਰਕਾਰੀ ਨੌਕਰੀਆਂ ਤੇ ਵਿੱਦਿਅਕ ਅਦਾਰਿਆਂ ’ਚ ਰਾਖਵੇਂਕਰਨ ਲਈ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਮਰਨ ਵਰਤ ਅੱਜ ਸੱਤਵੇਂ ਦਿਨ ਅੰਦਰ ਦਾਖਲ ਹੋ ਗਿਆ ਹੈ ਅਤੇ ਹਾਰਦਿਕ ਪਟੇਲ ਨੇ ਹੁਣ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ।
ਹਾਰਦਿਕ ਨੇ ਕਿਹਾ ਕਿ ਹਾਲਾਂਕਿ ਉਸ ਨੇ ਖਾਣਾ ਤੇ ਪਾਣੀ ਪੀਣਾ ਬੰਦ ਕਰ ਦਿੱਤਾ ਹੈ, ਪਰ ਉਹ ਮਹਾਤਮਾ ਗਾਂਧੀ ਦੇ ਰਾਹ ’ਤੇ ਚਲਦਿਆਂ ਜਿੱਤ ਹਾਸਲ ਕਰਨ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਕਨੂ ਕਲਸਰੀਆ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਅਰਜੁਨ ਮੋਧਵਾੜੀਆ ਤੇ ਵਿਧਾਇਕ ਵਿਕਰਮ ਮਦਾਮ ਸਮੇਂ ਗੁਜਰਾਤ ਦੇ ਕਈ ਕਾਂਗਰਸ ਆਗੂਆਂ ਨੇ ਅੱਜ ਹਾਰਦਿਕ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੀ ਹਮਾਇਤ ਦਿੱਤੀ। ਹਾਰਦਿਕ ਨਾਲ ਮੁਲਾਕਾਤ ਮਗਰੋਂ ਸ੍ਰੀ ਮੋਧਵਾੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਕਮ ਭਾਜਪਾ ਸਰਕਾਰ ਖ਼ਿਲਾਫ਼ ਹੱਲਾ ਬੋਲਦਿਆਂ ਕਿਹਾ ਕਿ ਜੇਕਰ ਸਰਕਾਰ ਵੱਖਵਾਦੀਆਂ ਨਾਲ ਗੱਲਬਾਤ ਕਰ ਸਕਦੀ ਹੈ ਤਾਂ ਹਾਰਦਿਕ ਪਟੇਲ ਨਾਲ ਕਿਉਂ ਨਹੀਂ। ਉਨ੍ਹਾਂ ਸਵਾਲ ਕੀਤਾ, ‘ਮੈਂ ਗੁਜਰਾਤ ਤੇ ਕੇਂਦਰ ਸਰਕਾਰ ਨੂੰ ਹਾਰਦਿਕ ਨਾਲ ਗੱਲਬਾਤ ਕਰਕੇ ਮਸਲੇ ਦੇ ਹੱਲ ਦੀ ਅਪੀਲ ਕਰਦਾ ਹਾਂ। ਜੇਕਰ ਪ੍ਰਧਾਨ ਮੰਤਰੀ ਪਾਕਿਸਤਾਨ ’ਚ ਨਵਾਜ਼ ਸ਼ਰੀਫ਼ (ਸਾਬਕਾ ਪ੍ਰਧਾਨ ਮੰਤਰੀ) ਨੂੰ ਮਿਲਣ ਜਾ ਸਕਦੇ ਹਨ, ਵੱਖਵਾਦੀਆਂ ਨਾਲ ਗੱਲਬਾਤ ਕਰ ਸਕਦੇ ਹਨ ਤਾਂ ਹਾਰਦਿਕ ਨਾਲ ਕਿਉਂ ਨਹੀਂ’।

VIA PUNJAB