- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੋਲਾ-ਮਹੱਲਾ ਵਰਗੇ ਜੋੜ-ਮੇਲਿਆਂ ਦੀ ਮੂਲ ਭਾਵਨਾ ਤੇ ਪੁਰਾਤਨਤਾ ਨੂੰ ਬਹਾਲ ਰੱਖਣ ਦੀ ਲੋੜ: ਗਿਆਨੀ ਹਰਨਾਮ ਸਿੰਘ ਖਾਲਸਾ
ਸ੍ਰੀ ਅਨੰਦਪੁਰ ਸਾਹਿਬ, 10 ਮਾਰਚ (ਤਲਵਿੰਦਰ ਸਿੰਘ ਬੁੱਟਰ)
ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਇੱਥੋ ਖਾਲਸਾ ਪੰਥ ਦੇ ਕੌਮੀ ਜੋੜ-ਮੇਲੇ ਮੌਕੇ ਕੌਮ ਦੇ ਨਾਂਅ ਸੰਦੇਸ਼ ਵਿਚ ਆਖਿਆ ਹੈ ਕਿ ਹੋਲਾ-ਮਹੱਲਾ ਵਰਗੇ ਜੋੜ-ਮੇਲਿਆਂ ਦੀ ਮੂਲ ਭਾਵਨਾ ਤੇ ਪੁਰਾਤਨਤਾ ਨੂੰ ਬਹਾਲ ਰੱਖਣ ਦੀ ਲੋੜ ਹੈ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਜਿਸ ਵੇਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਸਨ ਤਾਂ ਸਾਹਿਬਜ਼ਾਦਿਆਂ ਨੇ ਪੁੱਛਿਆ ਸੀ ਕਿ ਕੀ ਅਸੀਂ ਦੁਬਾਰਾ ਸ੍ਰੀ ਅਨੰਦਪੁਰ ਸਾਹਿਬ ਆਵਾਂਗੇ? ਇਸ ਦੇ ਜਵਾਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਸੀ ਕਿ ਜਦੋਂ ਖਾਲਸਾ ਪੰਥ ਹਰ ਸਾਲ ਹੋਲਾ-ਮਹੱਲਾ ਦੇ ਕੌਮੀ ਜੋੜ-ਮੇਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਇਆ ਕਰੇਗਾ ਤਾਂ ਅਸੀਂ ਰੂਹਾਨੀ ਅਹਿਸਾਸ ਵਜੋਂ ਉੱਥੇ ਸੰਗਤ ਵਿਚ ਮੌਜੂਦ ਹੋਇਆ ਕਰਾਂਗੇ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਹੋਲਾ-ਮਹੱਲਾ ਮੌਕੇ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਦਿਆਂ ਸੰਗਤ ਵਿਚੋਂ ਗੁਰੂ ਸਾਹਿਬ ਦੇ ਦਰਸ਼ਨ ਵੀ ਅਨੁਭਵ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੋਲਾ-ਮਹੱਲਾ ਕੋਈ ਆਮ ਦੁਨਿਆਵੀ ਮੇਲਾ ਨਹੀਂ ਹੈ, ਇਹ ਖਾਲਸੇ ਦੇ ਜਾਹੋ-ਜਲਾਲ ਦਾ ਦਿਹਾੜਾ ਹੈ। ਇਸ ਦਿਨ ਖਾਲਸਾ ਫੌਜਾਂ ਸ਼ਸਤਰਧਾਰੀ ਹੋ ਕੇ ਆਪਣੇ ਜੰਗੀ ਕਰਤਵਾਂ ਦਾ ਪ੍ਰਦਰਸ਼ਨ ਕਰਦੀਆਂ ਹਨ।ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਮੌਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਇੱਥੇ ਆਉਣਾ ਚਾਹੀਦਾ ਹੈ ਅਤੇ ਨਿਹੰਗ ਸਿੰਘ ਫੌਜਾਂ ਦੇ ਜੰਗੀ ਕਰਤੱਵਾਂ ਤੋਂ ਪ੍ਰੇਰਨਾ ਲੈ ਕੇ ਪਤਿਤਪੁਣਾ ਅਤੇ ਨਸ਼ਾਖੋਰੀ ਦਾ ਤਿਆਗ ਕਰਦਿਆਂ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ ਸਿੰਘ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਕੁ ਲੋਕਾਂ ਦੀਆਂ ਮਾੜੀਆਂ ਹਰਕਤਾਂ ਕਾਰਨ ਸਾਰੇ ਨੌਜਵਾਨਾਂ ਦਾ ਅਕਸ ਖਰਾਬ ਹੁੰਦਾ ਹੈ ਅਤੇ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਆਈਆਂ ਸੰਗਤਾਂ ਦੇ ਮਨਾਂ ਨੂੰ ਵੀ ਠੇਸ ਪੁੱਜਦੀ ਹੈ, ਜਿਸ ਕਰਕੇ ਨੌਜਵਾਨਾਂ ਨੂੰ ਬੇਹੱਦ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ। ਉਨ੍ਹਾਂ ਸਾਰੇ ਖਾਲਸਾ ਪੰਥ ਨੂੰ ਹੋਲਾ-ਮਹੱਲਾ ਦੀ ਵਧਾਈ ਦਿੰਦਿਆਂ ਕੌਮੀ ਏਕਤਾ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਆਖਿਆ ਕਿ ਦੁਸ਼ਮਣ ਤਾਕਤਾਂ ਸਾਨੂੰ ਉਦੋਂ ਹੀ ਕਮਜ਼ੋਰ ਕਰਦੀਆਂ ਹਨ, ਜਦੋਂ ਅਸੀਂ ਆਪਸ ਵਿਚ ਵੰਡੇ ਹੁੰਦੇ ਹਾਂ।


