13 ਹਜ਼ਾਰ ਕਰੋੜ ਲੈ ਕੇ ਭੱਜੇ ਮੇਹੁਲ ਚੌਕਸੀ ਨੇ ਭਾਰਤੀ ਨਾਗਰਿਕਤਾ ਛੱਡੀ

ਐਂਟੀਗੁਆ ਹਾਈਕਮਿਸ਼ਨ ’ਚ ਜਮ੍ਹਾ ਕਰਵਾਇਆ ਪਾਸਪੋਰਟ

ਨਵੀਂ ਦਿਲੀ – ਲਗਭਗ 13000 ਕਰੋੜ ਰੁਪਏ ਦੇ ਪੀ.ਐਨ.ਬੀ. ਘਪਲੇ ਦੇ ਮੁਖ ਮੁਲਜ਼ਮਾਂ ’ਚੋਂ ਇਕ ਮੇਹੁਲ ਚੌਕਸੀ ਨੇ ਭਾਰਤੀ ਨਾਗਰਿਕਤਾ ਛਡ ਦਿਤੀ ਹੈ। ਚੌਕਸੀ ਨੇ ਆਪਣੇ ਭਾਰਤੀ ਪਾਸਪੋਰਟ ਨੂੰ ਸਰੰਡਰ ਕਰ ਦਿਤਾ ਹੈ। ਖ਼ਬਰ ਹੈ ਕਿ ਉਸਨੇ ਆਪਣਾ ਭਾਰਤੀ ਪਾਸਪੋਰਟ ਐਂਟੀਗੁਆ ਹਾਈਕਮਿਸ਼ਨ ’ਚ ਜਮ੍ਹਾ ਕਰਵਾ ਦਿਤਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਭਾਰਤ ਸਰਕਾਰ ਲਈ ਚੌਕਸੀ ਨੂੰ ਭਾਰਤ ਲਿਆਉਣਾ ਮੁਸ਼ਕਿਲ ਹੋ ਜਾਵੇਗਾ। ਚੌਕਸੀ ਨੇ ਹਾਈਕਮਿਸ਼ਨ ਨੂੰ ਕਿਹਾ ਕਿ ਉਸਨੇ ਨਿਯਮਾਂ ਤਹਿਤ ਐਂਟੀਗੁਆ ਦੀ ਨਾਗਰਿਕਤਾ ਲਈ ਭਾਰਤ ਦੀ ਨਾਗਰਿਕਤਾ ਛਡੀ ਹੈ। ਭਾਰਤ ਸਰਕਾਰ ਦੇ ਹਥੋਂ ਵਾਂਝਾ ਭਗੋੜਾ ਕਰਾਰ ਮੇਹੁਲ ਚੌਕਸੀ ਗੀਤਾਂਜਲੀ ਗਰੁਪ ਦਾ ਚੇਅਰਮੈਨ ਹੈ ਤੇ ਉਸਨੇ ਐਂਟੀਗੁਆ ’ਚ ਸ਼ਰਣ ਲਈ ਹੋਈ ਹੈ। ਇਸ ਬਾਰੇ ਵਿਦੇਸ਼ ਮੰਤਰਾਲਾ ਦੇ ਜਨਰਲ ਸਕਤਰ ਅਮਿਤ ਨਾਰੰਗ ਨੇ ਗ੍ਰਹਿ ਮੰਤਰਾਲਾ ਨੂੰ ਸੂਚਨਾ ਦੇ ਦਿਤੀ ਹੈ। ਉਸਨੇ ਐਂਟੀਗੁਆ ’ਚ ਸ਼ਰਣ ਲਈ ਹੋਈ ਹੈ। ਸੂਤਰਾਂ ਮੁਤਾਬਿਕ ਚੌਕਸੀ ਨੇ ਆਪਣਾ ਪਾਸਪੋਰਟ ਨੰਬਰ 3396732 ਨੂੰ ਕੈਂਸਲ ਬੁਕ ਨਾਲ ਜਮ੍ਹਾ ਕਰਾ ਦਿਤਾ ਹੈ। ਨਾਗਰਿਕਤਾ ਛਡਣ ਲਈ ਚੌਕਸੀ ਨੂੰ 177 ਅਮਰੀਕੀ ਡਾਲਰ ਦਾ ਡ੍ਰਾਫ਼ਟ ਵੀ ਜਮ੍ਹਾ ਕਰਾਉਣਾ ਪਿਆ ਹੈ। ਨਾਗਰਿਕਤਾ ਛਡਣ ਵਾਲੇ ਫ਼ਾਰਮ ’ਚ ਚੌਕਸੀ ਨੇ ਆਪਣਾ ਨਵਾਂ ਪਤਾ ਜਾਲੀ ਹਾਰਬਰ, ਸੈਂਟ ਮਾਰਕਸ ਐਂਟੀਗੁਆ ਦਸਿਆ ਹੈ। ਦਰਅਸਲ ਚੌਕਸੀ ਭਾਰਤੀ ਨਾਗਰਿਕਤਾ ਛਡ ਕੇ ਹਵਾਲਗੀ ਦੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ। ਚੌਕਸੀ ਦੀ ਇਸ ਸਬੰਧੀ ਐਂਟੀਗੁਆ ਦੀ ਕੋਰਟ ’ਚ 22 ਫਰਵਰੀ ਨੂੰ ਸੁਣਵਾਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਵਿਦੇਸ਼ ਮੰਤਰਾਲਾ ਅਤੇ ਜਾਂਚ ਏਜੰਸੀਆਂ ਤੋਂ ਮਾਮਲੇ ਦੀ ਤਾਜ਼ਾ ਰਿਪੋਰਟ ਮੰਗੀ ਹੈ। ਦਸਣਯੋਗ ਹੈ ਕਿ ਚੌਕਸੀ ਨੇ 2017 ’ਚ ਹੀ ਐਂਟੀਗੁਆ ਦੀ ਨਾਗਰਿਕਤਾ ਲਈ ਸੀ। ਮੁੰਬਈ ਪੁਲਿਸ ਦੀ ਹਰੀ ਝੰਡੀ ਮਗਰੋਂ ਚੌਕਸੀ ਨੂੰ ਨਾਗਰਿਕਤਾ ਮਿਲੀ ਸੀ।

VIA PUNJAB