15 ਲੱਖ ਵਿਦਿਆਰਥੀਆਂ ਨੂੰ ਚੋਣ ਪ੍ਰੀਕਿਰਿਆ ਬਾਰੇ ਜਾਗਰੂਕ ਕੀਤਾ ਜਾਵੇਗਾ: ਮੁੱਖ ਚੋਣ ਅਫ਼ਸਰ

100 ਫੀਸਦੀ ਵੋਟਿੰਗ ਲਈ ਵੋਟਰ ਜਾਗਰੁਕਤਾ ਕਲੱਬਾਂ ਦੀ ਭੂਮਿਕਾ ਨੂੰ ਅਹਿਮ ਦੱਸਿਆ
ਚੰਡੀਗੜ – ਰਾਜ ਦੇ ਲੋਕਾਂ ਨੂੰ ਭੈਅ ਮੁਕਤ, ਲਾਲਚ ਮੁਕਤ ਅਤੇ ਨਿਰਪੱਖਤਾ ਨਾਲ ਵੋਟਿੰਗ ਕਰਨ ਹਿੱਤ ਵੋਟਰ ਜਾਗਰੂਕਤਾ ਕਲੱਬ ਅਹਿਮ ਭੂਮਿਕਾ ਨਿਭਾਅ ਸਕਦੇ ਹਨ।ਇਸ ਤਹਿਤ ਰਾਜ ਦੇ ਦਸਵੀ ਜਮਾਤ ਤੋਂ ਉਪਰ ਦੇ 15 ਲੱਖ ਵਿਦਿਆਰਥੀਆਂ ਨੂੰ ਚੋਣ ਪ੍ਰੀਕਿਰਿਆ ਬਾਰੇ ਜਾਗਰੂਕ ਕੀਤਾ ਜਾਵੇਗਾ।
ਇੱਥੇ ਅੱਜ ਵੋਟਰ ਜਾਗਰੂਕਤਾ ਕਲੱਬ ਬਾਰੇ ਸਟੇਟ ਲੈਵਲ ਮਾਸਟਰ ਟਰੇਨਰਜ਼ ਦੀ ਮੀਟਿੰਗ ਨੁੰ ਸੰਬੋਧਨ ਕਰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਨਾ ਰਾਜੂ ਨੇ ਕਿਹਾ ਕਿ ਇਨਾਂ ਕਲੱਬਾਂ ਰਾਹੀਂ ਸਭ ਤੋਂ ਪਹਿਲਾਂ ਸਰਕਾਰੀ ਅਤੇ ਨਿੱਜੀ ਸਕੁਲਾਂ, ਸਰਕਾਰੀ ਅਤੇ ਨਿੱਜੀ ਕਾਲਜਾਂ, ਨਰਸਿੰਗ ਕਾਲਜਾਂ, ਆਈ.ਟੀ.ਆਈਜ਼ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੋਟਿੰਗ ਦੀ ਮਹਤੱਤਾ ਤੋਂ ਜਾਣੂੰ ਕਰਵਾਉਂਦੇ ਹੋਏ ਇਹ ਦੱਸਣਾ ਚਾਹੀਦਾ ਹੈ ਕਿ ਨੈਤਿਕ ਵੋਟਿੰਗ ਨਾਲ ਦੇਸ਼ ਕਿਵੇਂ ਹੋਰ ਜ਼ਿਆਦਾ ਤਰੱਕੀ ਕਰ ਸਕਦਾ ਹੈ।ਡਾ. ਰਾਜੂ ਨੇ ਕਿਹਾ ਕਿ ਭਾਵੇਂ 18 ਸਾਲ ਉਮਰ ਵਿੱਚ ਹਰੇਕ ਭਾਰਤੀ ਨਾਗਰਿਕ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਸਕਦਾ ਹੈ ਪਰ ਵੋਟਰ ਬਨਣ ਤੋਂ ਪਹਿਲਾਂ ਉਹ ਲੋਕਾਂ ਨੂੰ ਅਤੇ ਆਪਣੇ ਮਾਪਿਆਂ ਸਮੇਤ ਘਰ ਦੇ ਹੋਰ ਵੱਡੇ ਵਡੇਰਿਆਂ ਨੁੰ ਜਾਗਰੂਕ ਕਰ ਸਕਦੇ ਹਨ।ਇਸ ਤੋਂ ਜਿਨਾਂ ਮੁੱਦਿਆਂ ਨੁੰ ਵਰਤਮਾਨ ਸਮੇਂ ਵਿੱਚ ਮਹੱਤਵ ਨਹੀਂ ਦਿੱਤਾ ਜਾ ਰਿਹਾ ਹੈ, ਉਨਾਂ ਨੁੰ ਚੋਣ ਲੜਨ ਦੇ ਚਾਹਵਾਨ ਲੋਕਾਂ ਵੱਲੋਂ ਪੂਰਾ ਮਹੱਤਵ ਦਿੱਤਾ ਜਾਵੇਗਾ ਕਿਉਂਕਿ ਇਨਾਂ ਮਾਮਲਿਆਂ ਉਤੇ ਭਵਿੱਖੀ ਵੋਟਰ ਜਿੱਥੇ ਰੋਜ਼ ਆਪਸੀ ਗੱਲ ਕਰਨਗੇ, ਊਥੇ ਆਪਣੇ ਮਾਪਿਆਂ ਨਾਲ ਵੀ ਗੱਲ ਕਰ ਕੇ ਉਨਾਂ ਨੂੰ ਵੀ ਇਨਾਂ ਮੁੱਦਿਆਂ ਬਾਰੇ ਆਵਾਜ਼ ਉਠਾਉਣ ਲਈ ਕਹਿਣਗੇ, ਜਿਸ ਨਾਲ ਲੋਕਤੰਤਰ ਵਿੱਚ ਹਾਂ ਪੱਖੀ ਤਬਦੀਲ਼ੀਆਂ ਆਉਣਗੀਆਂ।
ਉਨਾਂ ਕਿਹਾ ਕਿ ਹਰੇਕ ਵਿੱਦਿਅਕ ਸੰਸਥਾ ਵਿੱਚ ਸਵੇਰ ਦੀ ਸਭਾ ਦੇ ਸਮੇਂ ਵਿਦਿਆਰਥੀਆਂ ਨੂੰ ਵੋਟ ਦੇ ਅਧਾਕਾਰ ਦੀ ਅਹਿਮੀਅਤ ਅਤੇ ਇਸ ਦੀ ਵਰਤੋਂ ਨਾਲ ਹੋਣ ਵਾਲੇ ਲਾਭ ਅਤੇ ਵਰਤੋਂ ਨਾ ਕਰਨ ਕਾਰਨ ਦੇਸ਼ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਇਆ ਜਾਣਾ ਚਾਹੀਦਾ ਹੈ।ਡਾ. ਰਾਜੂ ਨੇ ਕਿਹਾ ਕਿ ਦੇਸ਼ ਵਿੱਚ ਚੋਣਾਂ ਕਰਵਾਉਣ ਉਤੇ ਬਹੁਤ ਵੱਡੀ ਰਾਸ਼ੀ ਖਰਚ ਹੁੰਦੀ ਹੈ ਅਤੇ ਵੋਟਰ ਜਾਗਰੂਕਤਾ ਕਲੱਬਾਂ ਰਾਹੀਂ ਅਸੀਂ ਵੋਟਰਾਂ ਨੂੰ ਇਹ ਗੱਲ ਸਮਝਾ ਸਕਦੇ ਹਾਂ ਕਿ ਬਿਨਾਂ ਲਾਲਚ ਦੇ ਵੋਟ ਕਰਨ ਸਬੰਧੀ ਲੋਕਾਂ ਨੁੰ ਜਾਗਰੂਕ ਕਰ ਸਕਦੇ ਹਨ ਤਾਂ ਜੋ ਉਹ ਆਪਣੀ ਵੋਟ ਰਾਹੀਂ ਸਰਕਾਰ ਦੇ ਕੰਮਕਾਜ ਸਬੰਧੀ ਆਪਣਾ ਫ਼ੈਸਲਾ ਦੇ ਸਕਣ। ਇਸ ਤੋਂ ਇਲਾਵਾ ਵੋਟਰ ਜਾਗਰੁਕਤਾ ਕਲੱਬ ਨੈਤਿਕ ਅਤੇ 100 ਫੀਸਦੀ ਵੋਟਿੰਗ ਸਬੰਧੀ ਟੀਚੇ ਨੂੰ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਮੇਂ ਰਾਜ ਵਿੱਚ 1992 ਵੋਟਰ ਜਾਗਰੂਕਤਾ ਕਲੱਬ ਕੰਮ ਕਰ ਰਹੇ ਹਨ ਅਤੇ ਇਨਾਂ ਕਲੱਬਾਂ ਦੀ ਗਿਣਤੀ ਵਧਾ ਕੇ 5000 ਕਰਨ ਦਾ ਟੀਚਾ ਹੈ।

VIA PUNJAB