2020 ਤੱਕ ਮਲੇਰੀਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ : ਸਿਵਲ ਸਰਜਨ

ਐਸ ਏ ਐਸ ਨਗਰ – ਵਿਸ਼ਵ ਮਲੇਰੀਆ ਦਿਵਸ ਮੌਕੇ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਮਲੇਰੀਆ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਇਲਾਜ ਅਤੇ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ| ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਉਣ ਦਾ ਮਕਸਦ ਇਸ ਮਾਰੂ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਅਤੇ ਇਨ੍ਹਾਂ ਅਧੀਨ ਆਉਂਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਮਾਗਮ ਕਰਵਾਏ ਗਏ ਹਨ| ਇਸਦੇ ਨਾਲ ਹੀ ਰਤਨ ਗਰੁਪ ਆਫ ਇੰਸਟੀਚਿਊਟ ਸੋਹਾਣਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਲੇਰੀਆ ਸਬੰਧੀ ਵਿਦਿਆਰਥੀਆਂ ਦੇ ਡਰਾਇੰਗ ਤੇ ਨਾਹਰਾ ਲਿਖਣ ਮੁਕਾਬਲੇ ਕਰਵਾਏ ਗਏ|ਡਾ. ਭਾਰਦਵਾਜ ਨੇ ਦੱਸਿਆ ਕਿ ਪੰਜਾਬ ਵਿਚ ਮਲੇਰੀਆ ਦੇ ਕੇਸਾਂ ਵਿਚ ਪਿਛਲੇ ਸਾਲਾਂ ਦੌਰਾਨ ਭਾਰੀ ਕਮੀ ਆਈ ਹੈ ਅਤੇ ਇਸ ਬਿਮਾਰੀ ਨੂੰ ਪੰਜਾਬ ਵਿਚ 2020 ਤਕ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ| ਉਹਨਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਜਿਥੇ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ, ਉਥੇ ਲੋਕਾਂ ਨੂੰ ਵੀ ਖੁਦ ਜਾਗਰੂਕ ਹੋ ਕੇ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ|ਉਨ੍ਹਾਂ ਦੱਸਿਆ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ| ਇਹ ਬੁਖਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ| ਮਲੇਰੀਆ ਬਾਰੇ ਜਾਗਰੂਕਤਾ ਅਤੇ ਸਾਵਧਾਨੀਆਂ ਇਸ ਗੰਭੀਰ ਬੁਖ਼ਾਰ ਤੋਂ ਬਚਾਅ ਕਰ ਸਕਦੀਆ ਹਨ| ਉਨ੍ਹਾਂ ਦਸਿਆ ਕਿ ਠੰਢ ਅਤੇ ਕਾਂਬੇ ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰਦਰਦ ਹੋਣਾ, ਬੁਖ਼ਾਰ ਉਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖਾਰ ਉਤਰਨ ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ| ਖੂਨ ਦੀ ਜਾਂਚ ਕਰਵਾਉਣ ਤੇ ਮਲੇਰੀਆ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ| ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਵੀ ਮੌਜੂਦ ਸਨ|

VIA PUNJAB