ਦੇਸ਼ ਦੀ ਸੁਰੱਖਿਆ ’ਚ ਚਾਰ ਸਾਲਾਂ ਦੌਰਾਨ ਸੁਧਾਰ ਹੋਇਆ: ਰਾਜਨਾਥ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਦੇ 2014 ਤੋਂ ਸੱਤਾ ’ਚ ਆਉਣ ਮਗਰੋਂ ਮੁਲਕ ਦੇ ਅੰਦਰੂਨੀ ਸੁਰੱਖਿਆ ਹਾਲਾਤ ’ਚ ਬਹੁਤ ਸੁਧਾਰ ਹੋਇਆ ਹੈ। ਇਥੇ ‘ਵਿਜੈ ਦਿਵਸ’ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਓਵਾਦੀ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 90 ਤੋਂ ਘੱਟ ਕੇ ਸਿਰਫ਼ 12 ਰਹਿ ਗਈ ਹੈ ਜਦਕਿ ਉੱਤਰ-ਪੂਰਬ ’ਚ ਵੱਖਵਾਦੀ ਘਟਨਾਵਾਂ ’ਚ 80 ਫ਼ੀਸਦੀ ਕਮੀ ਆਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ (ਬੀਐਸਐਫ), ਜੋ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਹੈ, ਨੂੰ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਨ ’ਤੇ ਢੁੱਕਵਾਂ ਜਵਾਬ ਦੇਣ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀ, ਨੌਜਵਾਨਾਂ ’ਚ ਕੌਮੀਅਤ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮਹਾਵੀਰ ਚੱਕਰ ਜੇਤੂ ਬ੍ਰਿਗੇਡੀਅਰ ਮੁਹੰਮਦ ਉਸਮਾਨ ਅਤੇ ਪਹਿਲੇ ਪਰਮਵੀਰ ਚੱਕਰ ਜੇਤੂ ਮੇਜਰ ਸੋਮਨਾਥ ਸ਼ਰਮਾ ਦੀ ਬਹਾਦਰੀ ਦੇ ਕਿੱਸੇ ਸੁਣਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਕੁਝ ਨੌਜਵਾਨਾਂ ਦੇ ਨਾਇਕ ਕ੍ਰਿਕਟਰ ਜਾਂ ਫਿਲਮ ਅਦਾਕਾਰ ਹੋਣਗੇ ਪਰ ਜੇਕਰ ਉਨ੍ਹਾਂ ਨੂੰ ਪਰਮਵੀਰ ਚੱਕਰ ਜੇਤੂ ਦਾ ਨਾਮ ਪੁੱਛ ਲਿਆ ਜਾਵੇ ਤਾਂ ਉਹ ਇਸ ਦਾ ਜਵਾਬ ਨਹੀਂ ਦੇ ਸਕਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਚੰਦਰਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਵਰਗੇ ਸ਼ਹੀਦਾਂ ਅੰਦਰ ਦੇਸ਼ਭਗਤੀ ਦਾ ਜਨੂੰਨ ਸੀ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਨੇ 1971 ’ਚ ਸਾਬਿਤ ਕੀਤਾ ਕਿ ਉਨ੍ਹਾਂ ’ਚ ਇਤਿਹਾਸ ਲਿਖਣ ਅਤੇ ਜੰਗਾਂ ਜਿੱਤਣ ਦੀ ਸਮਰੱਥਾ ਹੈ।

VIA PUNJAB