ਬਰੈਡਮੈਨ ਤੋਂ ਬਾਅਦ ਕੋਹਲੀ ਨੇ ਸਭ ਤੋਂ ਘੱਟ ਪਾਰੀਆਂ ਵਿਚ ਮਾਰੇ 25 ਟੈਸਟ ਸੈਂਕੜੇ

ਪਰਥ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਆਪਣਾ 25ਵਾਂ ਸੈਂਕੜਾ ਪੂਰਾ ਕਰ ਲਿਆ ਹੈ। ਇਸ ਦੌਰਾਨ ਉਹ ਸਰ ਡਾਨ ਬਰੈਡਮੈਨ ਤੋਂ ਬਾਅਦ ਸਭ ਤੋਂ ਘੱਟ ਪਾਰੀਆਂ ਵਿਚ ਇਹ ਪ੍ਰਾਪਤੀ ਹਾਸਲ ਕਰਨ ਵਿਚ ਕਾਮਯਾਬ ਰਹੇ ਹਨ। ਆਸਟਰੇਲੀਆ ਦੀ ਧਰਤੀ ਉੱਤੇ ਕੋਹਲੀ ਦਾ ਇਹ ਛੇਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤ ਦੇ ਵੱਡੇ ਬੱਲੇਬਾਜ਼ ਤੇ ਆਪਣੇ ਬਚਪਨ ਦੇ ਹੀਰੋ ਸਚਿਨ ਤੇਂਦੁਲੇਕਰ ਦੀ ਵੀ ਬਰਾਬਰੀ ਕਰ ਲਈ ਹੈ। ਕੋਹਲੀ ਨੇ 127 ਪਾਰੀਆਂ ਵਿਚ 25 ਟੈਸਟ ਸੈਂਕੜੇ ਪੂਰੇ ਕੀਤੇ ਹਨ ਅਤੇ ਸਚਿਨ ਨੇ 130 ਪਾਰੀਆਂ ਵਿਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ ਅਤੇ ਉਸਦਾ ਸੂਚੀ ਵਿਚ ਤੀਜਾ ਸਥਾਨ ਹੈ। ਬਰੈਡਮੈਨ ਨੇ ਸਿਰਫ 68 ਪਾਰੀਆਂ ਵਿਚ ਇਹ ਕਾਰਨਾਮਾ ਕੀਤਾ ਸੀ। ਭਾਰਤੀ ਕਪਤਾਨ ਨਿਊ ਪਰਥ ਸਟੇਡੀਅਮ ਵਿਚ ਸੈਂਕੜਾ ਜੜਨ ਵਾਲੇ ਪਹਿਲੇ ਬੱਲੇਬਾਜ਼ ਹਨ। ਕੋਹਲੀ ਇੱਕ ਕਲੰਡਰ ਸਾਲ ਵਿਚ ਵਿਦੇਸ਼ੀ ਧਰਤੀ ਉੱਤੇ 1000 ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆਂ ਦਾ ਗਿਆਰਵਾਂ ਅਤੇ ਭਾਰਤ ਦਾ ਤੀਜਾ ਬੱਲੇਬਾਜ਼ ਹੈ। ਉਸ ਤੋਂ ਪਹਿਲਾ ਭਾਰਤ ਦੇ ਰਾਹੁਲ ਦਰਾਵਿੜ ਅਤੇ ਮਹਿੰਦਰ ਸਿੰਘ ਧੋਨੀ ਇਹ ਪ੍ਰਾਪਤੀ ਹਾਸਲ ਕਰ ਚੁੱਕੇ ਹਨ। ਆਸਟਰੇਲੀਆ ਵਿਚ ਕੋਹਲੀ ਇਹ ਪ੍ਰਾਪਤੀ ਕਰਨ ਵਾਲੇ ਪਹਿਲੇ ਭਾਰਤੀ ਅਤੇ ਕੁਲ ਤੀਜੇ ਕਪਤਾਨ ਹਨ। ਉਸ ਤੋਂ ਪਹਿਲਾਂ ਆਸਟਰੇਲੀਆ ਦੇ ਬਾਬ ਸਿੰਪਸਨ ਅਤੇ ਦੱਖਣੀ ਅਫਰੀਕਾ ਦੇ ਗ੍ਰਾਹਮ ਸਮਿਥ ਅਜਿਹਾ ਕਰ ਚੁੱਕੇ ਹਨ।

VIA PUNJAB