ਨੀਰਜ ਨੇ ਡਾਇਮੰਡ ਲੀਗ ਲਈ ਕੁਆਲੀਫਾਈ ਕੀਤਾ

ਜ਼ਿਊਰਿਖ – ਭਾਰਤ ਦੇ ਸਟਾਰ ਜ਼ੈਵਲਿਨ ਥਰੋਅਰ ਨੀਰਜ ਚੋਪੜਾ ਨੇ 30 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਸਾਬਕਾ ਰਾਸ਼ਟਰਮੰਡਲ ਖੇਡ ਚੈਂਪੀਅਨ ਨੀਰਜ ਨੇ ਡਾਇਮੰਡ ਲੀਗ ਲੜੀ ਕੁਆਲੀਫਾਈ ਗੇੜ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਉਸ ਨੇ ਸਰਵੋਤਮ 83.32 ਮੀਟਰ ਦੀ ਦੂਰੀ ਤੈਅ ਕੀਤੀ। ਉਸ ਨੂੰ ਇਸ ਤੋਂ ਚਾਰ ਡਾਇਮੰਡ ਲੀਗ ਅੰਕ ਪ੍ਰਾਪਤ ਹੋਏ। ਉਸ ਨੇ ਪੰਜ ਹੋਰ ਅਥਲੀਟਾਂ ਨਾਲ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਚੋਪੜਾ ਤੋਂ ਇਲਾਵਾ ਮੌਜੂਦਾ ਵਿਸ਼ਵ ਚੈਂਪੀਅਨ ਜੋਹਾਨੈੱਸ ਵੇਟਰ, ਓਲੰਪਿਕ ਚੈਂਪੀਅਨ ਥੌਮਸ ਰੋਹਲਰ, 2017 ਆਈਏਏਐਫ ਡਾਇਮੰਡ ਲੀਗ ਚੈਂਪੀਅਨ ਜੈਕਬ ਵਾਦਲੇਜ਼, ਜਰਮਨ ਚੈਂਪੀਅਨ ਆਂਦਰੀਅਸ ਹੋਫਮੈਨ ਅਤੇ ਮੈਗਨਸ ਕਰਟ ਨੇ ਵੀ ਡਾਇਮੰਡ ਲੀਗ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਡਾਇਮੰਡ ਲੀਗ ਦੇ 14ਵੇਂ ਗੇੜ ਵਿੱਚ ਨੀਰਜ ਦੁਨੀਆ ਦੇ ਪ੍ਰਸਿੱਧ ਅਥਲੀਟਾਂ ਨਾਲ ਮੁਕਾਬਲੇ ਵਿੱਚ ਉਤਰੇਗਾ।

VIA PUNJAB