ਪੰਚਾਇਤ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਨੇ ਖੁੱਲ੍ਹ ਕੇ ਕੀਤੀ ਗੁੰਡਾਗਰਦੀ : ਜਥੇਦਾਰ ਕੁੰਭੜਾ

ਐਸ ਏ ਐਸ ਨਗਰ – ਭਾਰਤੀ ਲੋਕਤੰਤਰ ਦੀ ਮੁਢਲੀ ਇਕਾਈ ਪੰਚਾਇਤ ਦੀਆਂ 30 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਵੱਲੋਂ ਖੁੱਲ੍ਹ ਕੇ ਗੁੰਡਾਗਰਦੀ ਕੀਤੀ ਗਈ ਹੈ ਅਤੇ ਕਈ ਥਾਵਾਂ ਤੇ ਬੂਥਾਂ ਤੇ ਕਬਜੇ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ| ਚੋਣਾਂ ਵਿੱਚ ਹੋਈ ਇਸ ਕਥਿਤ ਗੁੰਡਾਗਰਦੀ ਨੇ ਪੰਜਾਬ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਰਾਜ ਦੇਣ ਦੇ ਦਾਅਵਿਆਂ ਨਾਲ ਸੱਤਾ ਵਿਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਦਿੱਤੀ ਹੈ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਇਨ੍ਹਾਂ ਪੰਚਾਇਤ ਚੋਣਾਂ ਵਿੱਚ ਕੀਤੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ| ਉਨ੍ਹਾਂ ਦੱਸਿਆ ਕਿ ਹਲਕਾ ਮੁਹਾਲੀ ਦੇ ਪਿੰਡ ਸ਼ਾਮਪੁਰ ਵਿਖੇ ਪੋਲਿੰਗ ਬੂਥ ਉਤੇ ਇਸ ਕਦਰ ਗੁੰਡਾਗਰਦੀ ਅਤੇ ਧੱਕੇਸ਼ਾਹੀ ਹੋਈ ਕਿ ਉੱਥੇ ਸ਼ਾਮ ਨੂੰ ਬਿਨਾਂ ਡਿਊਟੀ ਤੋਂ ਪਿੰਡ ਦੇ ਸੱਤਾਧਾਰੀ ਧਿਰ ਨਾਲ ਸਬੰਧਿਤ ਬੰਦਿਆਂ ਨੂੰ ਅੰਦਰ ਵਾੜ ਕੇ ਹੇਰਾਫੇਰੀ ਕੀਤੀ ਗਈ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ| ਪਿੰਡ ਦੇ ਬਹੁਗਿਣਤੀ ਲੋਕ ਪੋਲਿੰਗ ਬੂਥ ਦੇ ਬਾਹਰ ਨਿਰਪੱਖ ਤੌਰ ਤੇ ਨਤੀਜਾ ਸਾਹਮਣੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਪ੍ਰੰਤੂ ਦੇਰ ਰਾਤ ਪਤਾ ਲੱਗਾ ਕਿ ਦੂਸਰੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ ਦੋ ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਹੈ| ਪਿੰਡ ਸ਼ਾਮਪੁਰ ਵਿੱਚ ਹਾਲਾਤ ਕੁਝ ਇਸ ਕਦਰ ਗਰਮਾ ਚੁੱਕੇ ਸਨ ਕਿ ਖੁਦ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਮੌਕੇ ਤੇ ਪਹੁੰਚਣਾ ਪਿਆ| ਉਹਨਾਂ ਇਲਜਾਮ ਲਗਾਇਆ ਪਿੰਡ ਬਲੌਂਗੀ ਵਿੱਚ ਵੀ ਅਜਿਹੀ ਹੀ ਧੱਕੇਸ਼ਾਹੀ ਹੋਈ ਅਤੇ ਪਿੰਡ ਬੱਲੋਮਾਜਰਾ ਵਿਖੇ ਵੀ ਪ੍ਰਸ਼ਾਸਨ ਨੇ ਸੱਤਾਧਾਰੀ ਧਿਰ ਨਾਲ ਮਿਲ ਕੇ ਖੂਬ ਧੱਕੇਸ਼ਾਹੀ ਕੀਤੀ| ਹਲਕਾ ਖਰੜ ਦੇ ਪਿੰਡ ਘੜੂੰਆਂ ਵਿਖੇ ਵੀ ਸੱਤਾਧਾਰੀ ਧਿਰ ਦੀ ਮਿਲੀਭੁਗਤ ਨਾਲ ਕੁਝ ਅਜਿਹੇ ਹਾਲਾਤ ਹੋਏ| ਇਸ ਤੋਂ ਇਲਾਵਾ ਹਲਕਾ ਮੁਹਾਲੀ ਦੇ ਹੋਰ ਵੀ ਕਈ ਪਿੰਡਾਂ ਵਿੱਚ ਸੱਤਾਧਾਰੀ ਧਿਰ ਨੇ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਦਿਆਂ ਅਕਾਲੀ ਸਮਰਥਕ ਉਮੀਦਵਾਰਾਂ ਨੂੰ ਜਬਰਦਸਤੀ ਢੰਗ ਨਾਲ ਹਰਾਉਣ ਵਿਚ ਯੋਗਦਾਨ ਪਾਇਆ| ਜਥੇਦਾਰ ਕੁੰਭੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਭਵਿੱਖ ਵਿੱਚ ਅਜਿਹੀਆਂ ਧੱਕੇਸ਼ਾਹੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਾਫ ਸੁਥਰੇ ਢੰਗ ਨਾਲ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਢੰਗ ਨਾਲ ਬਿਨਾ ਕਿਸੇ ਡਰ ਭੈਅ ਤੋਂ ਇਸਤੇਮਾਲ ਕਰਨ ਦੇਣਾ ਚਾਹੀਦਾ ਹੈ|

VIA PUNJAB