ਇੰਗਲੈਂਡ ‘ਚ ਵਿਰਾਟ ਤੋਂ ਸਫਲ ਕਪਤਾਨੀ ਦੀ ਉਮੀਦ : ਸ਼ਾਸਤਰੀ

ਲੰਡਨ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਵਿਚ ਕਿਸੇ ਵੀ ਮੈਦਾਨ ਅਤੇ ਵਿਰੋਧੀ ਟੀਮ ਵਿਰੁੱਧ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੈ ਤੇ ਉਹ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰੇਗੀ। ਭਾਰਤੀ ਟੀਮ ਜਿਥੇ ਆਪਣੇ ਮੈਦਾਨ ‘ਤੇ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਤੇ ਉਸ ਦਾ ਵਿਦੇਸ਼ੀ ਧਰਤੀ ‘ਤੇ ਪ੍ਰਦਰਸ਼ਨ ਆਲੋਚਨਾਵਾਂ ਦੇ ਘੇਰੇ ਵਿਚ ਰਹਿੰਦਾ ਹੈ। ਭਾਰਤ ਨੇ ਸਾਲ 2014 ਦੀ ਸ਼ੁਰੂਆਤ ਤੋਂ ਹੁਣ ਤਕ ਵਿਦੇਸ਼ੀ ਮੈਦਾਨ ‘ਤੇ 25 ਟੈਸਟਾਂ ਵਿਚੋਂ ਸਿਰਫ 9 ਵਿਚ ਹੀ ਜਿੱਤ ਦਰਜ ਕੀਤੀ ਹੈ, ਜਿਸ ਵਿਚ ਪੰਜ ਉਸ ਨੇ ਸ਼੍ਰੀਲੰਕਾ ਤੇ ਦੋ ਵੈਸਟਇੰਡੀਜ਼ ਤੋਂ ਜਿੱਤੇ ਹਨ। ਵਿਰਾਟ ਦੀ ਕਪਤਾਨੀ ਵਿਚ ਭਾਰਤੀ ਟੀਮ ਆਪਣੇ ਚੁਣੌਤੀਪੂਰਨ ਦੱਖਣੀ ਅਫਰੀਕਾ ਦੌਰੇ ਵਿਚ ਵੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 1-2 ਨਾਲ ਹਾਰ ਗਈ ਸੀ। ਅਜਿਹੀ ਹਾਲਤ ਵਿਚ ਚੰਗੀ ਫਾਰਮ ਵਿਚ ਚੱਲ ਰਹੀ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਨੂੰ ਹੋਰ ਵੀ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਸਾਬਕਾ ਕ੍ਰਿਕਟਰ ਤੇ ਕੋਚ ਸ਼ਾਸਤਰੀ ਨੇ ਹਾਲਾਂਕਿ ਭਰੋਸਾ ਪ੍ਰਗਟਾਇਆ ਹੈ ਕਿ ਮੌਜੂਦਾ ਭਾਰਤੀ ਟੀਮ ਵਿਚ ਵੱਡੇ ਉਲਟਫੇਰ ਦੀ ਸਮਰੱਥਾ ਹੈ ਤੇ ਵਿਰਾਟ ਦੀ ਕਪਤਾਨੀ ਵਿਚ ਟੀਮ ਜਿੱਤਣ ਦੀ ਤਾਕਤ ਰੱਖਦੀ ਹੈ। ਉਸ ਨੇ ਕਿਹਾ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਵਿਦੇਸ਼ੀ ਧਰਤੀ ‘ਤੇ ਟੈਸਟ ਸਵਰੂਪ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਹੈ। ਸਾਡਾ ਮੰਨਣਾ ਹੈ ਕਿ ਭਾਰਤ ‘ਚ ਵਿਦੇਸ਼ੀ ਮੈਦਾਨ ‘ਤੇ ਖੁਦ ਨੂੰ ਸਰਵਸ੍ਰੇਸ਼ਠ ਟੀਮ ਸਾਬਤ ਕਰਨ ਦੀ ਸਮਰੱਥਾ ਹੈ। ਮੌਜੂਦਾ ਸਮੇਂ ਵਿਚ ਕੋਈ ਵੀ ਟੀਮ ਵਿਦੇਸ਼ੀ ਧਰਤੀ ‘ਤੇ ਲਗਾਤਾਰ ਨਹੀਂ ਖੇਡਦੀ। ਸ਼੍ਰੀਲੰਕਾ ਵਿਚ ਹੁਣ ਦੱਖਣੀ ਅਫਰੀਕਾ ਦਾ ਜੋ ਹਾਲ ਹੋਇਆ ਹੈ, ਉਹ ਕਾਫੀ ਹੈਰਾਨ ਕਰਨ ਵਾਲਾ ਹੈ ਪਰ ਅਸੀਂ ਇੰਗਲੈਂਡ ਵਿਚ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਜਾਣਦੇ ਹਾਂ ਤੇ ਅੱਗੇ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ।

VIA PUNJAB