ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਕ੍ਰਿਕਟ ਲੜੀ ਅੱਜ ਤੋਂ

ਵੈਲਿੰਗਟਨ – ਵਿਦੇਸ਼ੀ ਧਰਤੀ ’ਤੇ ਬੀਤੇ ਤਿੰਨ ਮਹੀਨਿਆਂ ਤੋਂ ਨਵੀ ਇਬਾਰਤ ਲਿਖ ਰਹੀ ਭਾਰਤੀ ਟੀਮ ਬੁੱਧਵਾਰ ਤੋਂ ਆਖ਼ਰੀ ਗੇੜ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਦੀ ਸ਼ੁਰੂਆਤ ਕਰੇਗੀ। ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦੇਣ ਮਗਰੋਂ ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰੇਗਾ। ਆਸਟਰੇਲੀਆ ਦੇ ਇਤਿਹਾਸਕ ਦੌਰੇ ਮਗਰੋਂ ਇੱਥੇ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਨਿਊਜ਼ੀਲੈਂਡ ਵਿੱਚ ਟੀ-20 ਲੜੀ ਜਿੱਤਣ ’ਤੇ ਲੱਗੀਆਂ ਹਨ। ਪਿਛਲੀ ਇੱਕ ਰੋਜ਼ਾ ਲੜੀ ਰਾਹੀਂ ਭਾਰਤ ਨੂੰ ਵਿਸ਼ਵ ਕੱਪ ਲਈ ਟੀਮ ਤੈਅ ਕਰਨ ਵਿੱਚ ਕਾਫ਼ੀ ਮਦਦ ਮਿਲੀ। ਅਜੇ ਵੀ ਕੁੱਝ ਥਾਂਵਾਂ ਖ਼ਾਲੀ ਹਨ ਅਤੇ ਟੀ-20 ਲੜੀ ਰਾਹੀਂ ਟੀਮ ਪ੍ਰਬੰਧਨ ਤੈਅ ਕਰ ਲਵੇਗਾ ਕਿ ਮਈ ਤੋਂ ਜੁਲਾਈ ਤੱਕ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਵਿੱਚ ਕੌਣ ਕੌਣ ਖੇਡੇਗਾ। ਉਭਰਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੱਕ ਰੋਜ਼ਾ ਲੜੀ ਦਾ ਹਿੱਸਾ ਨਹੀਂ ਸੀ ਅਤੇ ਉਹ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਦਾ ਦਾਅਵਾ ਪੁਖ਼ਤਾ ਕਰਨਾ ਚਾਹੇਗਾ। ਅਨੁਭਵੀ ਮਹਿੰਦਰ ਸਿੰਘ ਧੋਨੀ ਦੀ ਟੀ-20 ਟੀਮ ਵਿੱਚ ਵਾਪਸੀ ਹੋਈ ਹੈ, ਜਿਸ ਨੂੰ ਆਸਟਰੇਲੀਆ ਖ਼ਿਲਾਫ਼ ਘਰੇਲੂ ਲੜੀ ਤੋਂ ਬਾਹਰ ਕੀਤਾ ਗਿਆ ਸੀ। ਉਸ ਨੇ ਆਖ਼ਰੀ ਟੀ-20 ਮੈਚ ਪਿਛਲੇ ਸਾਲ ਜੁਲਾਈ ਵਿੱਚ ਖੇਡਿਆ ਸੀ। ਦਿਨੇਸ਼ ਕਾਰਤਿਕ ਲਈ ਵੀ ਇਹ ਸੁਨਹਿਰੀ ਮੌਕਾ ਹੈ, ਜਿਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਅੰਬਾਤੀ ਰਾਇਡੂ ਨੇ ਪੰਜਵੇਂ ਇੱਕ ਰੋਜ਼ਾ ਮੈਚ ਵਿੱਚ 90 ਦੌੜਾਂ ਬਣਾ ਕੇ ਆਪਣੀ ਚੋਣ ਲਗਪਗ ਤੈਅ ਕਰ ਲਈ ਹੈ। 19 ਸਾਲ ਦੇ ਸ਼ੁਭਮਨ ਗਿੱਲ ਨੇ ਆਪਣੀ ਪ੍ਰਤਿਭਾ ਦੀ ਝਲਕ ਆਖ਼ਰੀ ਦੋ ਇੱਕ ਰੋਜ਼ਾ ਵਿੱਚ ਵਿਖਾਈ। ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਉਸ ਨੂੰ ਮੁੜ ਤੀਜੇ ਨੰਬਰ ’ਤੇ ਉਤਾਰਿਆ ਜਾ ਸਕਦਾ ਹੈ। ਕੁਣਾਲ ਪੰਡਿਆ ਅਤੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਵੀ ਟੀਮ ਵਿੱਚ ਹਨ। ਸ਼ਿਖਰ ਧਵਨ ਪਿਛਲੇ ਤਿੰਨ ਇੱਕ ਰੋਜ਼ਾ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਉਹ ਸ਼ਾਨਦਾਰ ਪ੍ਰਦਰਸ਼ਨ ਨਾਲ ਦੌਰਾ ਖ਼ਤਮ ਕਰਨਾ ਚਾਹੇਗਾ।

VIA PUNJAB