ਮਮਤਾ ਵੱਲੋਂ ਅਡਵਾਨੀ, ਸੋਨੀਆ ਤੇ ਰਾਹੁਲ ਸਣੇ ਕਈਆਂ ਨਾਲ ਮੁਲਾਕਾਤ

ਨਵੀਂ ਦਿੱਲੀ – ਤ੍ਰਿਣਾਮੂਲ ਕਾਂਗਰਸ ਦੀ ਆਗੂ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕੌਮੀ ਰਾਜਧਾਨ ਵਿੱਚ ਕਈ ਨੇਤਾਵਾਂ ਨੂੰ ਮਿਲੀ। ਇਨ੍ਹਾਂ ਵਿੱਚ ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆਂ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਸ਼ਾਮਲ ਹਨ। ਮਮਤਾ ਬੈਨਰਜੀ ਦੀਆਂ ਮੁਲਾਕਾਤਾਂ ਨੂੰ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਵਿਰੋਧੀ ਸੰਗਠਨ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਹੀ ਪੱਛਮੀ ਬੰਗਾਲ ਪੁਲੀਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕੋਲਕਾਤਾ ਵਿੱਚ ਰੈਲੀ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਭਾਜਪਾ ਗਿਆਰਾਂ ਅਗਸਤ ਨੂੰ ਰੈਲੀ ਕਰ ਰਹੀ ਹੈ। ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਉਹ ਹਰ ਹਾਲਤ ਵਿੱਚ ਕੋਲਕਾਤਾ ਜਾਣਗੇ।ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਮੌਜੂਦਾ ਰਾਜਸੀ ਸਥਿਤੀ ਅਤੇ ਭਵਿੱਖ ਦੇ ਗੱਠਜੋੜ ਉੱਤੇ ਚਰਚਾ ਕੀਤੀ। ਅਡਵਾਨੀ ਨਾਲ ਮੁਲਾਕਾਤ ਦੌਰਾਨ ਮਮਤਾ ਨੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਦੋਵਾਂ ਆਗੂਆਂ ਦੇ ਵਿੱਚ ਕਰੀਬ 15 ਮਿੰਟ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਮਮਤਾ ਨੇ ਕਿਹਾ ਕਿ ਉਹ ਅਡਵਾਨੀ ਨੂੰ ਲੰਬੇ ਸਮੇਂ ਤੋਂ ਜਾਣਦੀ ਹੈ। ਉਸ ਨੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਹੈ। ਮਮਤਾ ਨੇ ਰਾਮ ਜੇਠਮਲਾਨੀ, ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ ਦੇ ਨਾਲ ਵੀ ਮੁਲਾਕਾਤ ਕੀਤੀ। ਉਹ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ ਨੂੰ ਵੀ ਮਿਲੀ। ਭਾਜਪਾ ਦੇ ਮੁਅੱਤਲ ਆਗੂ ਕੀਰਤੀ ਆਜ਼ਾਦ ਵੀ ਮਮਤਾ ਨੂੰ ਸੰਸਦ ਵਿੱਚ ਮਿਲਣ ਪੁੱਜੇ। ਸ਼ਿਵ ਸੈਨਾ ਆਗੂ ਸੰਜੇ ਰਾਉੂਤ ਵੀ ਮਮਤਾ ਨੂੰ ਮਿਲਣ ਤ੍ਰਿਣਾਮੂਲ ਕਾਂਗਰਸ ਦੇ ਦਫਤਰ ਪੁੱਜੇ।ਇੱਕ ਪਾਸੇ ਜਿੱਥੇ ਮਮਤਾ ਭਾਜਪਾ ਵਿਰੋਧੀ ਫਰੰਟ ਦੀ ਉਸਾਰੀ ਵਿੱਚ ਲੱਗੀ ਦਿਖ ਰਹੀ ਹੈ, ਉੱਥੇ ਉਹ ਅੱਜ ਗ੍ਰ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲੀ। ਉਸ ਨੇ ਦਿਨ ਭਰ ‘ਐਨਆਰਸੀ’ ਕੌਮੀ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਸਰਕਾਰ ਵਿਰੁੱਧ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਸਾਵਧਾਨ ਕੀਤਾ ਕਿ ਇਸ ਮੁੱਦੇ ਉੱਤੇ ਭਾਂਰਤ ਦੇ ਬੰਗਲਾਦੇਸ਼ ਦੇ ਨਾਲ ਸਬੰਧ ਵਿਗੜ ਸਕਦੇ ਹਨ। ਗ੍ਰਹਿ ਯੁੱਧ ਵਾਲੇ ਕਥਿਤ ਬਿਆਨ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁੱਝ ਵੀ ਨਹੀਂ ਕਿਹਾ। ਉਹ ਉਨ੍ਹਾਂ 40 ਲੱਖ ਲੋਕਾਂ ਨੂੰ ਲੈ ਕੇ ਚਿੰਤਤ ਹਨ ਜਿਨ੍ਹਾਂ ਦੇ ਨਾਂਅ ਐਨਆਰਸੀ ਵਿੱਚੋਂ ਬਾਹਰ ਹਨ।

VIA PUNJAB