ਟਰੰਪ ਵੱਲੋਂ ਪੁਲਵਾਮਾ ਹਮਲਾ ‘ਖ਼ੌਫਨਾਕ’ ਕਰਾਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ’ਤੇ ਕੀਤੇ ਫਿਦਾਈਨ ਹਮਲੇ ਨੂੰ ‘ਖ਼ੌਫ਼ਨਾਕ’ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਇਸਲਾਮਾਬਾਦ ਨੂੰ ਤਾਕੀਦ ਕੀਤੀ ਹੈ ਕਿ ਉਹ ਇਸ ‘ਘਿਣਾਉਣੀ ਕਾਰਵਾਈ’ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਵੇ। 14 ਫਰਵਰੀ ਨੂੰ ਹੋਏ ਇਸ ਹਮਲੇ ਵਿੱਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਦੱਖਣੀ ਏਸ਼ੀਆ ਦੇ ਇਹ ਦੋਵੇਂ ਗੁਆਂਢੀ ਮਿਲ ਕੇ ਰਹਿਣ। ਅਮਰੀਕੀ ਸਦਰ ਨੇ ਕਿਹਾ, ‘ਮੈਂ ਵੇਖਿਆ ਹੈ। ਮੈਨੂੰ ਇਸ ਬਾਰੇ (ਪੁਲਵਾਮਾ ਹਮਲੇ) ਕਈ ਰਿਪੋਰਟਾਂ ਮਿਲੀਆਂ ਹਨ। ਅਸੀਂ ਇਸ ਬਾਰੇ ਮੁਨਾਸਿਬ ਸਮੇਂ ’ਤੇ ਟਿੱਪਣੀ ਕਰਾਂਗੇ। ਬਿਹਤਰ ਹੋਵੇਗਾ ਕਿ ਜੇ ਦੋਵੇਂ ਮਿਲ ਕੇ ਰਹਿਣ। ਦਹਿਸ਼ਤੀ ਹਮਲਾ ਖੌਫ਼ਨਾਕ ਸਥਿਤੀ ਹੈ।’ ਉਧਰ ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਵੱਖਰੀ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ। ਵਿਭਾਗ ਦੇ ਡਿਪਟੀ ਬੁਲਾਰੇ ਰੋਬਰਟ ਪੈਲਾਡੀਨੋ ਨੇ ਕਿਹਾ, ‘ਅਸੀਂ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।

VIA PUNJAB