ਪੰਜਾਬ ਸਰਕਾਰ ਵਲੋਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਚਲਾਇਆ ਜਾਵੇਗਾ: ਸੁਖਜਿੰਦਰ ਰੰਧਾਵਾ

ਸਹਿਕਾਰੀ ਖੰਡ ਮਿੱਲਾਂ ਦੇ ਘਾਟੇ ਵਿਚ ਜਾਣ ਸਬੰਧੀ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਘੋਖਣ ਦੇ ਆਦੇਸ਼
ਚੰਡੀਗੜ – ਪੰਜਾਬ ਸਰਕਾਰ ਵਲੋਂ ਕੋਈ ਵੀ ਸਹਿਕਾਰੀ ਖੰਡ ਮਿੱਲ ਬੰਦ ਨਹੀਂ ਕੀਤੀ ਜਾਵੇਗੀ ਬਲਕਿ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ।ਅੱਜ ਇੱਥੇ ਪੰਜਾਬ ਭਵਨ ਵਿਖੇ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਦੀ ਮੌਜੂਦਾ ਸਥਿੱਤੀ ਅਤੇ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਸੁਧਾਰ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕਿਹਾ ਕਿ ਘਾਟੇ ਵਿਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਕਰਕੇ ਉਨਾਂ ਤੋਂ ਵਧੀਆ ਨਤੀਜੇ ਪ੍ਰਾਪਤ ਕੀਤੇ ਜਾਣਗੇ। ਸ. ਰੰਧਾਵਾ ਨੇ ਕਿਹਾ ਕਿ ਲੋੜ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਦੀ ਮਸ਼ੀਨਰੀ ਵਿਚ ਸੁਧਾਰ ਕੀਤਾ ਜਾਵੇਗਾ ਜਾ ਨਵੀਂ ਮਸ਼ੀਨਰੀ ਲਾਈ ਜਾਵੇਗੀ।ਉਨਾਂ ਨਾਲ ਹੀ ਕਿਹਾ ਕਿ ਗੰਨੇ ਦੇ ਅੀਜਹੇ ਬੀਜ ਪੈਦਾ ਕੀਤੇ ਜਾਣ ਜਿਸ ਤੋਂ ਖੰਡ ਦੀ ਵੱਧ ਮਾਤਰਾ ਪ੍ਰਾਪਤ ਕੀਤੀ ਜਾ ਸਕੇ।ਉਨਾਂ ਕਿਹਾ ਕਿ ਇਸ ਕਾਰਜ ਲਈ ਟਿਸ਼ੂ ਕਲਚਰ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਵੱਧ ਮਾਤਰਾ ਵਿਚ ਖੰਡ ਪੈਦਾ ਕਰਨ ਵਾਲੇ ਗੰਨੇ ਦੇ ਬੀਜਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਦੌਰਾਨ ਸਹਿਕਾਰਤਾ ਮੰਤਰੀ ਨੇ ਸਾਰੇ ਖੰਡ ਮਿੱਲਾਂ ਦੇ ਜਨਰਲ ਮਨੇਜਰਾਂ ਅਤੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਿੱਜੀ ਖੰਡ ਮਿੱਲਾਂ ਨੂੰ ਲਾਭ ਪਹੁੰਚਾਉਣੇ ਬੰਦ ਕੀਤੇ ਜਾਣ।ਉਨਾਂ ਕਿਹਾ ਕਿ ਨਿੱਜੀ ਖੰਡ ਮਿੱਲਾਂ ਦੇ ਬਰਾਬਰ ਸਹਿਕਾਰੀ ਖੰਡ ਮਿੱਲਾਂ ਤੋਂ ਨਤੀਜੇ ਪ੍ਰਾਪਤ ਕੀਤੇ ਜਾਣ ਅਜਿਹਾ ਨਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਇੱਕ ਹੋਰ ਅਹਿਮ ਐਲਾਨ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਹ ਸਾਰੀਆਂ ਖੰਡ ਮਿੱਲਾਂ ਦਾ ਖੁੱਦ ਦੌਰਾ ਕਰਨਗੇ, ਜਿੱਥੇ ਸਹਿਕਾਰੀ ਖੰਡ ਮਿੱਲਾਂ ਘਾਟੇ ਵਿਚ ਜਾਣ ਅਤੇ ਸੁਧਾਰਾਂ ਸਬੰਧੀ ਹਿੱਸੇਦਾਰਾਂ ਅਤੇ ਕਿਸਾਨਾਂ ਨਾਲ ਖੁੱਲੇ ਮੰਚ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਉਨਾਂ ਨਾਲ ਹੀ ਕਿਹਾ ਕਿ ਇਸ ਮੌਕੇ ਜਨਰਲ ਮਨੇਜਰਾਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਲੋਕਾਂ ਦੇ ਸਵਾਲਾਂ ਦੇ ਸਭ ਦੇ ਸਹਾਮਣੇ ਜਵਾਬ ਦੇਣੇ ਪੈਣਗੇ। ਸ. ਰੰਧਾਵਾ ਨੇ ਇਸ ਮੌਕੇ ਸਹਿਕਾਰੀ ਖੰਡ ਮਿੱਲਾਂ ਦੇ ਘਾਟੇ ਵਿਚ ਜਾਣ ਸਬੰਧੀ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਘੋਖਣ ਦੇ ਆਦੇਸ਼ ਵੀ ਦਿੱਤੇ ਅਤੇ ਕਿਹਾ ਕਿ ਕਸੂਰਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ ਹੋਵੇਗੀ ਵੱਡੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ. ਸੰਗਤ ਸਿੰਘ ਗਿਲਜੀਆਂ ਵਿਧਾਇਕ, ਸ. ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ, ਚੌਧਰੀ ਦਰਸ਼ਨ ਲਾਲ ਵਿਧਾਇਕ, ਸ. ਹਰਮਿੰਦਰ ਸਿੰਘ ਗਿੱਲ ਵਿਧਾਇਕ, ਸ. ਹਰਪ੍ਰਤਾਪ ਸਿਮਘ ਅਜਨਾਲਾ ਵਿਧਾਇਕ, ਸ੍ਰੀ ਧਰਮਵੀਰ ਅਗਨੀਹੋਤਰੀ ਵਿਧਾਇਕ, ਸ. ਕੁਲਬੀਰ ਸਿੰਘ ਜੀਰਾ ਵਿਧਾਇਕ, ਬਰਿੰਦਰਜੀਤ ਸਿੰਘ ਪਾਹੜਾ ਵਿਧਾਇਕ, ਸ. ਹਰਦੇਵ ਸਿੰਘ ਲਾਡੀ ਵਿਧਾਇਕ, ਕੁਲਦੀਪ ਸਿੰਘ ਵੈਦ ਵਿਧਾਇਕ, ਸ. ਲਖਬੀਰ ਸਿੰਘ ਲੱਖਾ ਵਿਧਾਇਕ, ਸ. ਦਵਿੰਦਰ ਸਿੰਘ ਘੁਬਾਇਆ ਵਿਧਾਇਕ ਅਤੇ ਸਾਬਕਾ ਮੰਤਰੀ ਸ੍ਰੀ ਮਲਕੀਤ ਸਿੰਘ ਦਾਖਾ, ਰਜਿਸਟਰਾਰ ਸਹਿਕਾਰੀ ਸੁਸਾਇਟੀ ਸ੍ਰੀ ਵਿਕਾਸ ਗਰਗ, ਸ਼ੁਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਗੁਰਲਵਲੀਨ ਸਿੰਘ ਅਤੇ ਵੱਖ ਵੱਖ ਸਹਿਕਾਰੀ ਖੰਡ ਮਿੱਲਾਂ ਦੇ ਜੀ.ਐਮ ਵੀ ਮੌਜੂਦ ਸਨ।

VIA PUNJAB