ਐਨ ਆਰ ਆਈ ਭਰਾਵਾਂ ਨਾਲ ਠੱਗੀ ਦੇ ਦੋਸ਼ ਹੇਠ ਸ਼ਿਵਾਲਿਕ ਸਿਟੀ ਖਰੜ ਦੇ ਮਾਲਕਾਂ ਖਿਲਾਫ ਮਾਮਲਾ ਦਰਜ

ਐਸ ਏ ਐਸ ਨਗਰ –  ਪਿੰਡ ਸੰਤੇਮਾਜਰਾ ਦੇ ਮੂਲ ਵਸਨੀਕ ਤਿੰਨ ਐਨਆਰਆਈ ਭਰਾਵਾਂ ਜਸਮੇਰ ਸਿੰਘ (ਮਠਾੜੂ) ਹਰਨੇਕ ਸਿੰਘ (ਮਠਾੜੂ) ਅਤੇ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ਤੇ ਪੰਜਾਬ ਪੁਲੀਸ ਦੇ ਐਨ ਆਰ ਆਈ ਵਿੰਗ ਮੁਹਾਲੀ ਵੱਲੋਂ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਸ਼ਿਵਾਲਿਕ ਸਿਟੀ ਦੇ ਮਾਲਕਾਂ ਅਮਨਪ੍ਰੀਤ ਸਿੰਘ ਹੀਰਾ, ਅਮਨਦੀਪ ਸਿੰਘ ਹੀਰਾ ਅਤੇ ਦਲਜੀਤ ਸਿੰਘ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420, 406, 120 ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ| ਇਸ ਮਾਮਲੇ ਵਿੱਚ ਹੁਣੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ|ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਨੇ ਦੱਸਿਆ ਕਿ ਪਿੰਡ ਸੰਤੇਮਾਜਰਾ ਦੇ ਮੂਲ ਵਸਨੀਕ ਤਿੰਨ ਐਨਆਰਆਈ ਭਰਾਵਾਂ ਜਸਮੇਰ ਸਿੰਘ (ਮਠਾੜੂ) ਹਰਨੇਕ ਸਿੰਘ (ਮਠਾੜੂ) ਅਤੇ ਸ਼ਮਸ਼ੇਰ ਸਿੰਘ ਨੇ ਅਮਨਪ੍ਰੀਤ ਸਿੰਘ ਹੀਰਾ ਅਤੇ ਅਮਰਦੀਪ ਸਿੰਘ ਹੀਰਾ ਕੋਲੋਂ ਖਰੜ ਦੀ ਸ਼ਿਵਾਲਿਕ ਸਿਟੀ ਸੰਨ 2011 ਵਿੱਚ ਤਿੰਨ ਪਲਾਟ ਖਰੀਦੇ ਸਨ, ਜਿਸਦੀ ਰਜਿਸਟਰੀ ਅਤੇ ਇੰਤਕਾਲ ਸੰਨ 2011 ਵਿੱਚ ਹੀ ਕਰਵਾ ਦਿੱਤੀ ਸੀ ਪਰੰਤੂ ਕਬਜਾ ਲੈਣ ਵੇਲੇ ਇਨ੍ਹਾਂ ਪਲਾਟਾਂ ਦਾ ਅਸਲ ਵਿੱਚ ਕੋਈ ਵਜੂਦ ਨਹੀਂ ਮਿਲਿਆ| ਉਹਨਾਂ ਦੱਸਿਆ ਕਿ ਬਾਅਦ ਵਿੱਚ ਝਗੜਾ ਪੈਣ ਤੇ ਬਿਲਡਰਾਂ ਵੱਲੋਂ ਪਹਿਲੇ ਪਲਾਟਾਂ ਬਦਲੇ ਗੁਲਮੋਹਰ ਸਿਟੀ ਸੈਕਟਰ 116 ਮੁਹਾਲੀ ਵਿੱਚ ਮੁੜ ਪਲਾਟ ਦੇਣ ਦੇ ਸਬਜ਼ਬਾਗ ਦਿਖਾ ਕੇ ਦੂਜੀ ਵਾਰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਉਹ ਪਲਾਟ ਨੰਬਰ ਵੇਚ ਦਿੱਤੇ ਗਏ| ਅਮਨਪ੍ਰੀਤ ਸਿੰਘ ਹੀਰਾ ਅਤੇ ਅਮਰਦੀਪ ਸਿੰਘ ਹੀਰਾ ਵੱਲੋਂ ਪੀੜਿਤਾਂ ਨੂੰ ਇਹ ਵੀ ਲਿਖ ਕੇ ਦਿੱਤਾ ਗਿਆ ਸੀ ਕਿ ਜੇਕਰ ਮਠਾੜੂ ਭਰਾਵਾਂ ਨੂੰ ਕਬਜਾ ਨਹੀਂ ਮਿਲਦਾ ਤਾਂ ਉਹ 90 ਲੱਖ ਰੁਪਏ ਹਰਜਾਨੇ ਦੇ ਰੂਪ ਵਿੱਚ ਦੇਣਗੇ| ਇਸਦੇ ਬਾਵਜੂਦ ਕਬਜਾ ਨਾ ਮਿਲਣ ਤੇ ਇਹ ਪੈਸੇ ਵਾਪਿਸ ਕਰਨ ਜਾਂ ਪਲਾਟ ਦੇਣ ਤੋਂ ਟਾਲਮਟੋਲ ਕਰਦੇ ਰਹੇ| ਉਹਨਾਂ ਦੱਸਿਆ ਕਿ ਮਠਾੜੂ ਭਰਾ ਹਰ ਸਾਲ ਕਨੇਡਾ ਤੋਂ ਆ ਕੇ ਇੱਥੋਂ ਨਮੋਸ਼ੀ ਝੱਲ ਕੇ ਵਾਪਿਸ ਜਾਂਦੇ ਰਹੇ ਪਰ ਇਸ ਹੋਈ ਠੱਗੀ ਅਤੇ ਹੁੰਦੀ ਜਲਾਲਤ ਨੂੰ ਦੇਖ ਕੇ ਇਹਨਾਂ ਦੇ ਬੱਚਿਆਂ ਨੇ ਮੁੜ ਪੰਜਾਬ ਨਾ ਆਉਣ ਦਾ ਮਨ ਬਣਾ ਲਿਆ| ਉਹਨਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਮਠਾੜੂ ਭਰਾਵਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਜਿਸਤੋਂ ਬਾਅਦ ਮਠਾੜੂ ਭਰਾਵਾਂ ਨੇ ਸੰਸਥਾ ਦੀ ਲੀਗਲ ਟੀਮ (ਜਿਸਦੇ ਮੁੱਖੀ ਹਾਈਕੋਰਟ ਵਿੱਚ ਪ੍ਰੈਕਟਿਸ ਕਰਦੇ ਵਕੀਲ ਰਾਜਵਿੰਦਰ ਸਿੰਘ ਬੈਂਸ, ਲਵਨੀਤ ਠਾਕੁਰ) ਦੀ ਮਦਦ ਨਾਲ ਏ ਡੀ ਜੀ ਪੀ ਐਨ ਆਰ ਆਈ ਵਿੰਗ ਪੰਜਾਬ ਪੁਲੀਸ ਨੂੰ ਸ਼ਿਕਾਇਤ ਦਿੱਤੀ ਜਿਸਦੀ ਜਾਂਚ ਐਨ ਆਰ ਆਈ ਵਿੰਗ ਮੁਹਾਲੀ ਨੂੰ ਦਿੱਤੀ ਗਈ ਪਰ ਐਨ ਆਰ ਆਈ ਵਿੰਗ ਦੇ ਪੁਲੀਸ ਅਧਿਕਾਰੀਆਂ ਵਲੋਂ ਬਿਲਡਰਾਂ ਤੇ ਕਾਰਵਾਈ ਕਰਨ ਦੀ ਥਾਂ ਵਿੱਚ ਭੁਗਤ ਕੇ ਸ਼ਿਕਾਇਤ ਨੂੰ ਰਫਾ-ਦਫਾ ਕਰਕੇ ਦਾਖਲ ਦਫਤਰ ਕਰ ਦਿੱਤਾ| ਇਸਦੇ ਬਾਵਜੂਦ ਐਨ ਆਰ ਆਈ ਵਿੰਗ ਵਲੋਂ ਪੀੜਿਤਾਂ ਨੂੰ ਬੁਲਾਇਆ ਜਾਂਦਾ ਰਿਹਾ ਤਾਂ ਕਿ ਇਹ ਫੇਰ ਤੰਗ ਹੋ ਕੇ ਵਿਦੇਸ਼ ਵਾਪਿਸ ਚਲੇ ਜਾਣ ਅਤੇ ਬਿਲਡਰਾਂ ਨੂੰ ਕਾਰਵਾਈ ਤੋਂ ਬਚਾਇਆ ਜਾ ਸਕੇ| ਉਹਨਾਂ ਦੱਸਿਆ ਕਿ ਇਸ ਦੌਰਾਨ ਸੰਸਥਾ ਦੀ ਲੀਗਲ ਟੀਮ ਵੱਲੋਂ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਲਵਨੀਤ ਠਾਕੁਰ ਨੇ ਹਾਈਕੋਰਟ ਵਿੱਚ ਸਰਕਾਰ ਅਤੇ ਐਨ ਆਰ ਆਈ ਵਿੰਗ ਖਿਲਾਫ ਕੇਸ ਦਾਇਰ ਕਰ ਦਿੱਤਾ ਜਿਸਦੀ ਸੁਣਵਾਈ ਕਰਦਿਆਂ ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਏ ਡੀ ਜੀ ਪੀ ਐਨ ਆਰ ਆਈ ਵਿੰਗ ਨੂੰ ਨੋਟਿਸ ਜਾਰੀ ਕਰਕੇ ਤੱਥ ਪੇਸ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਕਾਨੂੰਨੀ ਦਬਾਓ ਕਾਰਨ ਪੁਲੀਸ ਨੂੰ ਸ਼ਿਵਾਲਿਕ ਸਿਟੀ ਦੇ ਮਾਲਕਾਂ ਦੇ ਖਿਲਾਫ ਪਰਚਾ ਦਰਜ ਕਰਨਾ ਪਿਆ| ਉਹਨਾਂ ਕਿਹਾ ਕਿ ਭਾਵੇਂ ਐਨ ਆਰ ਆਈ ਮਠਾੜੂ ਭਰਾ ਫੇਰ ਤੰਗ ਹੋ ਕੇ ਵਿਦੇਸ਼ ਵਾਪਿਸ ਚਲੇ ਗਏ ਪਰ ਸੰਸਥਾ ਵੱਲੋਂ ਇਨ੍ਹਾਂ ਦੇ ਕੇਸ ਦੀ ਪੈਰਾਵਾਈ ਲਗਾਤਾਰ ਕੀਤੀ ਜਾ ਰਹੀ ਹੈ|ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਡਾ: ਦਲੇਰ ਸਿੰਘ ਮੁਲਤਾਨੀ ਨੇ ਕਿਹਾ ਪੰਜਾਬ ਦੇ ਨੌਜਵਾਨ, ਬੇਰੁਜ਼ਗਾਰੀ, ਕਾਨੂੰਨ ਦੀ ਦੁਰਵਰਤੋਂ ਅਤੇ ਮਾਫੀਆ ਰਾਜ ਤੋਂ ਤੰਗ ਹੋ ਕੇ, ਵਿਦੇਸ਼ਾਂ ਵਿੱਚ ਜਾ ਰਹੇ ਹਨ| ਵਿਦੇਸ਼ਾਂ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਹੋਣ ਅਤੇ ਬਾਕੀ ਸੁਪਨੇ ਪੂਰੇ ਕਰਨ ਤੋਂ ਬਾਅਦ ਵੀ ਉਹ ਆਪਣੀਆਂ ਮੋਹ ਦੀਆਂ ਤੰਦਾਂ ਪੰਜਾਬ ਨਾਲ ਜੋੜੀ ਰੱਖਦੇ ਹਨ ਅਤੇ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦੇ| ਜਿਸਦਾ ਕਾਰਨ ਆਪਣੀ ਮਿੱਟੀ ਨਾਲ ਮੋਹ ਅਤੇ ਪੰਜਾਬ ਸਰਕਾਰ ਵੱਲੋਂ ਦਿਖਾਏ ਜਾਂਦੇ ਸਬਜ਼ਬਾਗ ਹਨ| ਜਿਸ ਕਰਕੇ ਵਿਦੇਸ਼ਾਂ ਵਿੱਚ ਵਸਿਆ ਐਨਆਰਆਈ ਭਾਈਚਾਰਾ ਪੰਜਾਬ ਵਿਚ ਇਨਵੈਸਟਮੈਂਟ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਆਪਣਾ ਯੋਗਦਾਨ ਦਿੰਦਾ ਹੈ ਪਰੰਤੂ ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਮਾਫੀਏ ਦੇ ਸਰਕਾਰੀ ਵਿਭਾਗਾਂ ਨਾਲ ਗੱਠਜੋੜ ਕਾਰਨ ਐਨਆਰਆਈ ਠੱਗੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੀ ਅਗਲੀ ਪੀੜ੍ਹੀ ਦਾ ਪੰਜਾਬ ਨਾਲੋਂ ਮੋਹ ਬਿਲਕੁਲ ਭੰਗ ਹੋ ਜਾਂਦਾ ਹੈ ਅਤੇ ਉਹ ਪੰਜਾਬ ਆਉਣਾ ਜਾਂ ਵੱਸਣਾ ਪਸੰਦ ਨਹੀਂ ਕਰਦੇ|

VIA PUNJAB