‘ਫੇਨੀ’ ਤੂਫ਼ਾਨ ਬਾਰੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ

ਚੇਨਈ ਦੇ ਤੱਟਵਰਤੀ ਇਲਾਕਿਆਂ ’ਚ ਬਣ ਸਕਦੈ ਤਬਾਹੀ ਦੇ ਹਾਲਾਤ

ਨਵੀਂ ਦਿਲੀ – ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਤੋਂ ਉਠਣ ਵਾਲੇ ਤੂਫ਼ਾਨ ਫੇਨੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਆਉਣ ਵਾਲੇ 12 ਘੰਟਿਆਂ ਵਿਚ ਗੰਭੀਰ ਰੂਪ ਲੈ ਸਕਦਾ ਹੈ ਅਤੇ 24 ਘੰਟਿਆਂ ਅੰਦਰ ਇਹ ਬੇਹਦ ਖ਼ਤਰਨਾਕ ਹੋ ਸਕਦਾ ਹੈ। ਪਹਿਲੀ ਮਈ ਤਕ ਇਸ ਤੂਫ਼ਾਨ ਦੇ ਉਤਰੀ-ਪਛਮੀ ਦਿਸ਼ਾ ਵਲ ਵਧਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਹੋਲੀ-ਹੋਲੀ ਇਹ ਉਤਰੀ-ਪੂਰਬੀ ਦਿਸ਼ਾ ਵਲ ਮੁੜ ਵਧੇਗਾ। ਮੌਸਮ ਵਿਭਾਗ ਚੇਨਈ ਦੇ ਅਧਿਕਾਰੀ ਐਸ. ਬਾਲਾਚੰਦਰਨ ਨੇ ਕਿਹਾ ਕਿ ਐਤਵਾਰ ਰਾਤ ਅਤੇ ਸੋਮਵਾਰ ਸਵੇਰ ਤਕ ਇਸ ਚਕਰਵਾਤੀ ਤੂਫ਼ਾਨ ਦੇ ਤੇਜ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਸੰਭਾਵਨਾ ਹੈ ਕਿ 30 ਅਪ੍ਰੈਲ ਅਤੇ 1 ਮਈ ਤਕ ਇਹ ਤੂਫ਼ਾਨ ਤਾਮਿਲਨਾਡੂ ਅਤੇ ਦਖਣੀ ਆਂਧਰ ਤਟ ਨੇੜੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਫੇਨੀ ਚਕਰਵਾਤੀ ਤੂਫ਼ਾਨ ਪਹਿਲੀ ਮਈ ਤੋਂ ਬਾਅਦ ਆਪਣੀ ਦਿਸ਼ਾ ਬਦਲੇਗਾ ਅਤੇ ਉਤਰੀ ਅਤੇ ਉਤਰ-ਪੂਰਬੀ ਦਿਸ਼ਾ ਵਲ ਵਧੇਗਾ। ਹਾਲਾਂਕਿ, ਇਹ ਤਾਮਿਲਨਾਡੂ ਤਟ ਅਤੇ ਦਖਣੀ ਆਂਧਰ ਤਟ ਨੂੰ ਪਾਰ ਨਹੀਂ ਕਰੇਗਾ। ਚੇਨਈ ਤੋਂ 1190 ਕਿਲੋਮੀਟਰ ਦਖਣ ਪੂਰਬ ’ਚ ਸਥਿਤ ਇਹ ਤੂਫ਼ਾਨ ਸੂਬੇ ਦੇ ਤਟਵਰਤੀ ਇਲਾਕਿਆਂ ਲਈ ਤਬਾਹੀ ਦਾ ਕਾਰਨ ਬਣ ਸਕਦਾ ਹੈ। ਖੇਤਰੀ ਮੌਸਮ ਕੇਂਦਰ ਨੇ ਸੰਖੇਪ ਜਾਣਕਾਰੀ ਦਿੰਦਿਆਂ ਦਸਿਆ ਕਿ ਚੇਨਈ ਤੋਂ ਹਜ਼ਾਰ ਕਿਲੋਮੀਟਰ ਦੂਰ ਇਸ ਚਕਰਵਾਤੀ ਤੂਫ਼ਾਨ ਦਾ ਕੇਂਦਰ ਹੋਵੇਗਾ। ਭਾਰਤੀ ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮ੍ਰਿਤੂਜੈ ਮਹਾਪਾਤਰਾ ਨੇ ਕਿਹਾ ਕਿ, ਸਾਡੇ ਅੰਦਾਜ਼ੇ ਮੁਤਾਬਕ ਇਹ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤਟ ਕੋਲ ਪਹੁੰਚ ਜਾਵੇਗਾ, ਪਰ ਇਸ ਚਕਰਵਤੀ ਤੂਫਾਨ ਦਾ ਤਟ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਤਟ ’ਤੇ ਪਹੁੰਚਣ ਤੋਂ ਪਹਿਲੇ ਇਹ ਮੁੜ ਸਕਦਾ ਹੈ। ਅਸੀਂ ਇਸ ਦੇ ਰਸਤੇ ’ਤੇ ਨਜ਼ਰ ਰਖੀ ਹੋਈ ਹੈ।

VIA PUNJAB