ਮੋਦੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਸ਼ਹੀਦਾਂ ਦੀ ਵਰਤੋਂ ਕਰਨਾ ਸ਼ਰਮਨਾਕ : ਕੈਪਟਨ

ਜਲੰਧਰ – ਸ਼ਹੀਦ ਫੌਜੀਆਂ ਅਤੇ ਹਥਿਅਰਬੰਦ ਫੌਜੀਆਂ ਦੀ ਸਿਆਸੀ ਲਾਹੇ ਲਈ ਵਰਤੋਂ ਕਰਨ ਦੀ ਨਰਿੰਦਰ ਮੋਦੀ ਦੀ ਸ਼ਰਮਨਾਕ ਕੋਸ਼ਿਸ਼ ’ਤੇ ਪੂਰੀ ਤਰ੍ਹਾਂ ਗਿਲਾਨੀ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਹੇਠ ਸ਼ਾਂਤੀ ਅਤੇ ਖੁਸ਼ਹਾਲੀ ਦਾ ਨਵਾਂ ਯੁਗ ਸ਼ੁਰੂ ਕਰਨ ਵਾਸਤੇ ਵੰਡਪਾਊ ਫਿਰਕੂ ਸ਼ਕਤੀਆਂ ਭਾਜਪਾ ਅਤੇ ਅਕਾਲੀ ਦਲ ਨੂੰ ਸੱਤਾ ਵਿੱਚੋਂ ਬਾਹਰ ਕਰਨ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ। ਅੱਜ ਇੱਥੇ ਕਾਂਗਰਸ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸੱਭਿਅਕ ਸਮਾਜ ਵਿੱਚ ਫਿਰਕੂ ਆਧਾਰ ’ਤੇ ਲੋਕਾਂ ਨੂੰ ਵੰਡਣ ਵਾਲੀਆਂ ਸ਼ਕਤੀਆਂ ਦੀ ਕੋਈ ਥਾਂ ਨਹੀਂ ਹੈ। ਇਸ ਮੌਕੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੁਣਨ ਆਏ ਆਮ ਲੋਕਾਂ ਦੇ ਸਾਹਮਣੇ ਸਪਸ਼ਟ ਅਤੇ ਤਿੱਖੇ ਵਿਚਾਰ ਪ੍ਰਗਟ ਕੀਤੇ। ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਅਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਨੇੜੇ ਇਸ ਮੈਦਾਨ ਵਿੱਚ ਮੁੱਖ ਮੰਤਰੀ ਦਾ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਮੋਦੀ ਪੁਲਵਾਮਾ ਦੇ ਸ਼ਹੀਦਾਂ ਜਾਂ ਬਾਲਾਕੋਟ ਹਵਾਈ ਹਮਲੇ ਦੇ ਨਾਂ ’ਤੇ ਵੋਟਰਾਂ ਨੂੰ ਵੋਟਾਂ ਦੀ ਅਪੀਲ ਕਰਦਾ ਹੈ ਤਾਂ ਇਹ ਸੁਣ ਕੇ ਉਨ੍ਹਾਂ ਦਾ ਖ਼ੂਨ ਬੁਰੀ ਤਰ੍ਹਾਂ ਉਬਲਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਵਿਵਹਾਰ ਘਿਰਨਾਜਨਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਫੌਜੀ ਰੋਜ਼ਾਨਾ ਹੀ ਡਿਊਟੀ ਦੌਰਾਨ ਮਾਰੇ ਜਾ ਰਹੇ ਹਨ ਜੋ ਕਿ ਮੋਦੀ ਦੇ ਫੌਜੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਦੀ ਆਪਣੇ ਸਿਆਸੀ ਫਾਇਦੇ ਲਈ ਬਹਾਦਰ ਫੌਜੀਆਂ ਦੇ ਬਲਿਦਾਨ ਦੀ ਵਰਤੋਂ ਕਰ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਜਿਸ ਮੀਡੀਏ ’ਤੇ ਮੋਦੀ ਕੰਟਰੋਲ ਕਰ ਰਿਹਾ ਹੈ ਉਹ ਪ੍ਰਧਾਨ ਮੰਤਰੀ ਦੀ ਬੋਲੀ ਹੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕੀਂ ਸਭ ਦੇਖ ਰਹੇ ਹਨ ਅਤੇ ਜੋ ਹਵਾ ਇਸ ਵੇਲੇ ਚੱਲ ਰਹੀ ਹੈ ਉਹ ਮੋਦੀ ਅਤੇ ਭਾਜਪਾ ਨੂੰ ਉਡਾ ਕੇ ਲੈ ਜਾਵੇਗੀ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਇਨ੍ਹਾਂ ਚੋਣਾਂ ਦੌਰਾਨ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ ਅਤੇ ਕਾਂਗਰਸ ਹੂੰਝਾ ਫੇਰੂ ਜਿੱਤ ਹਾਸਲ ਕਰੇਗੀ। ਬੇਅਦਬੀ ਦੇ ਮਾਮਲਿਆਂ ਅਤੇ ਬਹਿਬਲ ਕਲਾਂ ਤੇ ਬਰਗਾੜੀ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਅਕਾਲੀਆਂ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਤੋਂ ਬਚਣ ਦੀਆਂ ਕੋਸ਼ਿਸ਼ਾਂ ਵਿੱਚ ਅਕਾਲੀ ਸਫ਼ਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਫ਼ਸਰ ਨੂੰ ਬਾਦਲਾਂ ਨੇ ਤਬਦੀਲ ਕਰਾਇਆ ਹੈ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਉਹ ਮੁੜ ਐਸ.ਆਈ.ਟੀ. ਵਿੱਚ ਆ ਜਾਵੇਗਾ ਅਤੇ ਬੇਅਦਬੀ ਅਤੇ ਹੱਤਿਆਵਾਂ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਯਕੀਨੀ ਬਣਾਈ ਜਾਵੇਗੀ।

VIA PUNJAB