ਆਸਟਰੇਲੀਆ ਖ਼ਿਲਾਫ਼ ਖੇਡ ਕੇ ਹੌਸਲਾ ਵਧੇਗਾ ਮਨਪ੍ਰੀਤ ਸਿੰਘ

ਬੰਗਲੌਰ – ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਐਫਆਈਐਚ ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਆਸਟਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨਾਲ ਖੇਡ ਕੇ ਉਸ ਦੀ ਟੀਮ ਦਾ ਆਤਮਵਿਸ਼ਵਾਸ ਵਧੇਗਾ। ਭਾਰਤੀ ਟੀਮ ਪੰਜ ਮੈਚ ਖੇਡਣ ਲਈ ਆਸਟਰੇਲੀਆ ਰਵਾਨਾ ਹੋ ਗਈ ਹੈ। ਇਹ ਦੌਰਾ ਭੁਬਨੇਸ਼ਵਰ ਵਿੱਚ ਅਗਲੇ ਮਹੀਨੇ ਹੋਣ ਵਾਲੇ ਹਾਕੀ ਸੀਰੀਜ਼ ਫਾਈਨਲ ਲਈ ਅਹਿਮ ਮੰਨਿਆ ਜਾ ਰਿਹਾ ਹੈ, ਜੋ ਨਵੇਂ ਕੋਚ ਗ੍ਰਾਹਮ ਰੀਡ ਨਾਲ ਟੀਮ ਦਾ ਪਹਿਲਾ ਟੂਰਨਾਮੈਂਟ ਹੋਵੇਗਾ। ਭਾਰਤੀ ਟੀਮ ਆਸਟਰੇਲਿਆਈ ਕੌਮੀ ਟੀਮ ਖ਼ਿਲਾਫ਼ ਦੋ, ਆਸਟਰੇਲੀਆ ‘ਏ’ ਖ਼ਿਲਾਫ਼ ਦੋ ਅਤੇ ਵੈਸਟ ਆਸਟਰੇਲੀਆ ਥੰਡਰਸਟਿਕਸ ਕਲੱਬ ਖ਼ਿਲਾਫ਼ ਇੱਕ ਮੈਚ ਖੇਡੇਗੀ।ਮਨਪ੍ਰੀਤ ਨੇ ਕਿਹਾ, ‘‘ਆਸਟਰੇਲੀਆ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਖੇਡ ਕੇ ਸਾਡਾ ਆਤਮਵਿਸ਼ਵਾਸ ਵਧੇਗਾ। ਮਾਰਚ ਵਿੱਚ ਮਲੇਸ਼ੀਆ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਕੁੱਝ ਨੌਜਵਾਨ ਖਿਡਾਰੀ ਵਧੀਆ ਖੇਡੇ ਸਨ।’’ ਉਸ ਨੇ ਕਿਹਾ, ‘‘ਜਸਕਰਨ ਸਿੰਘ ਕੌਮਾਂਤਰੀ ਹਾਕੀ ਵਿੱਚ ਪਹਿਲੀ ਵਾਰ ਖੇਡ ਰਿਹਾ ਹੈ, ਜਦਕਿ ਗੁਰਸਾਹਿਬਜੀਤ ਸਿੰਘ ਦਾ ਇਹ ਦੂਜਾ ਟੂਰਨਾਮੈਂਟ ਹੋਵੇਗਾ। ਅਰਮਾਨ ਕੁਰੈਸ਼ੀ ਲੰਮੇ ਸਮੇਂ ਮਗਰੋਂ ਟੀਮ ਵਿੱਚ ਪਰਤਿਆ ਹੈ। ਮੈਨੂੰ ਯਕੀਨ ਹੈ ਕਿ ਖਿਡਾਰੀ ਉਮੀਦਾਂ ’ਤੇ ਖਰ੍ਹੇ ਉਤਰਨਗੇ। ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਖ਼ਿਲਾਫ਼ ਖੇਡ ਕੇ ਉਸ ਨੂੰ ਕਾਫ਼ੀ ਕੁੱਝ ਸਿਖਣ ਨੂੰ ਮਿਲੇਗਾ।’’

VIA PUNJAB