ਸੁਪਰੀਮ ਕੋਰਟ ਵਲੋਂ ਰਮਜ਼ਾਨ ਵਿੱਚ ਵੋਟਿੰਗ ਦਾ ਸਮਾਂ ਬਦਲਣ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ – ਰਮਜ਼ਾਨ ਦੌਰਾਨ ਵੋਟਿੰਗ ਜਲਦੀ ਸ਼ੁਰੂ ਕਰਨ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ| ਚੋਣ ਕਮਿਸ਼ਨ ਨੇ ਸਮੇਂ ਵਿੱਚ ਤਬਦੀਲੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਇਸ ਫੈਸਲੇ ਵਿਰੁੱਧ ਦਾਇਰ ਪਟੀਸ਼ਨ ਖਾਰਜ ਹੋ ਗਈ| ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਵਿਸ਼ੇਸ਼ ਅਧਿਕਾਰ ਹੈ ਅਤੇ ਕਮਿਸ਼ਨ ਨੇ ਜੋ ਫੈਸਲਾ ਦਿੱਤਾ ਹੈ, ਉਹੀ ਸਹੀ ਹੈ| ਦੱਸਣਯੋਗ ਹੈ ਕਿ ਰਮਜ਼ਾਨ ਵਿੱਚ ਚੋਣਾਂ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕਈ ਮੁਸਲਿਮ ਸੰਗਠਨਾਂ ਨੇ ਵੀ ਸਵਾਲ ਚੁੱਕੇ ਸਨ| ਵਕੀਲ ਮਿਜਾਨੁਦੀਨ ਪਾਸ਼ਾ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ| ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਹੈ, ਜਿਸ ਨੂੰ ਤੜਕੇ 4.30 ਜਾਂ 5 ਵਜੇ ਕੀਤਾ ਜਾਣਾ ਚਾਹੀਦਾ| ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਰਮਜ਼ਾਨ ਕਾਰਨ ਮੁਸਲਿਮ ਵੋਟਰਾਂ ਨੂੰ ਵੋਟਿੰਗ ‘ਵਿੱਚ ਪਰੇਸ਼ਾਨੀ ਹੋ ਰਹੀ ਹੈ| ਪਟੀਸ਼ਨਕਰਤਾ ਨੇ ਮੌਸਮ ਵਿਭਾਗ ਦੇ ਹਵਾਲੇ ਤੋਂ ਇਹ ਵੀ ਦਲੀਲ ਦਿੱਤੀ ਹੈ ਕਿ ਵੋਟਿੰਗ ਪੀਰੀਅਡ ਦੌਰਾਨ ਲੂ ਚੱਲਣ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ, ਇਸ ਲਈ ਸਮੇਂ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ| ਹਾਲਾਂਕਿ ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਨਾਮਨਜ਼ੂਰ ਕਰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ| ਸਰਵਉੱਚ ਅਦਾਲਤ ਨੇ ਕਿਹਾ ਕਿ ਚੋਣਾਂ ਸੰਪੰਨ ਕਰਵਾਉਣ ਲਈ ਸਮਾਂ ਤੈਅ ਕਰਨਾ ਕਮਿਸ਼ਨ ਦਾ ਵਿਸ਼ੇਸ਼ ਅਧਿਕਾਰ ਹੈ|

VIA PUNJAB