ਅਮਰਨਾਥ ਯਾਤਰਾ ਤੋਂ ਪਹਿਲਾਂ ਘਾਟੀ ‘ਚ ਆਪ੍ਰੇਸ਼ਨ ‘ਆਲ ਆਊਟ’ ਤੇਜ਼

10 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਤਿਆਰ
ਸ੍ਰੀਨਗਰ – ਜੰਮੂ-ਕਸ਼ਮੀਰ ਵਿੱਚ ਪਵਿੱਤਰ ਅਮਰਨਾਥ ਯਾਤਰਾ ਪਹਿਲੀ ਜੁਲਾਈ ਤੋਂ ਸ਼ੁਰੂ ਹੋਣੀ ਹੈ। ਇਸ ਦੇ ਮੱਦੇਨਜ਼ਰ ਸੁਰੱਖਿਆ ਬਲ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ। ਅੱਤਵਾਦੀ ਇਸ ਯਾਤਰਾ ‘ਚ ਖ਼ਲਲ ਨਾ ਪਾ ਸਕਣ ਇਸ ਲਈ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ‘ਆਲ ਆਊਟ’ ਜਾਰੀ ਹੈ। ਅੰਸਾਰ-ਗਜਵਾਤ-ਉਲ-ਹਿੰਦ ਦੇ ਕਮਾਂਡਰ ਜ਼ਾਕਿਰ ਮੂਸਾ ਨੂੰ ਢੇਰ ਕਰਨ ਤੋਂ ਬਾਅਦ ਹੁਣ ਕਸ਼ਮੀਰ ‘ਚ ਸਰਗਰਮ ਹਿਜ਼ਬੁਲ ਦੇ ਡਵੀਜ਼ਨਲ ਕਮਾਂਡਰ ਰਿਆਜ਼ ਨਾਇਕੂ, ਅਲ-ਬਦਰ ਦੇ ਕਮਾਂਡਰ ਜਾਵੇਦ, ਜੈਸ਼ ਦੇ ਉਮਰ ਅਤੇ ਜਾਹਿਦ ਅਫ਼ਗਾਨੀ ਸਮੇਤ ਪ੍ਰਮੁੱਖ ਕਮਾਂਡਰ ਸੁਰੱਖਿਆ ਬਲਾਂ ਦੇ ਰਾਡਾਰ ‘ਤੇ ਹਨ। ਸੁਰੱਖਿਆ ਬਲਾਂ ਨੇ 10 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ‘ਚੋਂ 2 ਵਿਦੇਸ਼ੀ ਅੱਤਵਾਦੀ ਵੀ ਹਨ। ਸੁਰੱਖਿਆ ਬਲ ਇਸ ਸਾਲ ਹੁਣ ਤੱਕ ਕਸ਼ਮੀਰ ਵਿੱਚ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕਰ ਚੁੱਕੇ ਹਨ। ਸੁਰੱਖਿਆ ਬਲ ਇੱਕ ਰਣਨੀਤੀ ਤਹਿਤ ਕੰਮ ਕਰ ਰਹੇ ਹਨ। ਅੱਤਵਾਦ ਦਾ ਚਿਹਰਾ ਬਣ ਚੁੱਕੇ ਇਨ੍ਹਾਂ ਮੋਸਟ ਵਾਂਟੇਡ ਅੱਤਵਾਦੀਆਂ ਦੇ ਸਫ਼ਾਏ ਨਾਲ ਉਹ ਸਥਾਨਕ ਨੌਜਵਾਨਾਂ ਦੀ ਅੱਤਵਾਦੀ ਸੰਗਠਨਾਂ ‘ਚ ਭਰਤੀ ਰੋਕਣ ਦੇ ਨਾਲ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ‘ਜੋ ਵੀ ਬੰਦੂਕ ਉਠਾਏਗਾ, ਮਾਰਿਆ ਜਾਵੇਗਾ’। ਕਸ਼ਮੀਰ ਵਿੱਚ ਕਰੀਬ 275 ਅੱਤਵਾਦੀ ਸਰਗਰਮ ਹਨ। ਇਨ੍ਹਾਂ ਵਿਚੋਂ ਕਰੀਬ 190 ਸਥਾਨਕ ਹਨ। ਮੋਸਟ ਵਾਂਟੇਡ ਦੀ ਸੂਚੀ ‘ਚ ਸਭ ਤੋਂ ਉੱਪਰ ਹਿਜ਼ਬ ਦਾ ਰਿਆਜ਼ ਨਾਇਕੂ ਹੈ। ਡਬਲ-ਏ-ਸ੍ਰੇਣੀ ਦਾ ਅੱਤਵਾਦੀ ਰਿਆਜ਼ ਨਾਇਕੂ ਦਾ ਕੋਡ ਜੁਬੈਰ ਉਲ ਇਸਲਾਮ ਹੈ। ਨਾਇਕੂ ਨੇ ਹੀ ਬੀਤੇ ਸਾਲ ਕਸ਼ਮੀਰ ਘਾਟੀ ‘ਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰ ਕੇ ਸਨਸਨੀ ਫੈਲਾ ਦਿੱਤੀ ਸੀ। ਕਰੀਬ 2 ਸਾਲ ਤੋਂ ਕਸ਼ਮੀਰ ‘ਚ ਮੁੜ ਸਰਗਰਮ ਹੋ ਰਹੇ ਅੱਤਵਾਦੀ ਸੰਗਠਨ ਅਲ-ਬਦਰ ਮੁਜਾਹਦੀਨ ਦਾ ਕਮਾਂਡਰ ਜਾਵੇਦ ਮੱਟੂ ਉਰਫ ਸਾਕਿਬ ਉਰਫ ਮੁਸੈਬ ਉੱਤਰੀ ਕਸ਼ਮੀਰ ‘ਚ ਸਰਗਰਮ ਹੈ। 12ਵੀਂ ਪਾਸ ਜਾਵੇਦ-ਏ-ਸ਼੍ਰੇਣੀ ਦੀ ਸੂਚੀ ਵਿਚ ਸ਼ਾਮਲ ਹੈ। ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ 2 ਵਿਦੇਸ਼ੀ ਅੱਤਵਾਦੀ ਹਨ ਅਤੇ ਦੋਨੋਂ ਹੀ ਜੈਸ਼ ਨਾਲ ਜੁੜੇ ਹਨ। ਇਨ੍ਹਾਂ ਵਿਚੋਂ ਇੱਕ ਜੈਸ਼ ਦਾ ਆਪ੍ਰੇਸ਼ਨਲ ਕਮਾਂਡਰ ਹਾਫਿਜ਼ ਉਮਰ ਹੈ, ਜਿਸ ਨੂੰ ਮੌਲਾਨਾ ਅਜ਼ਹਰ ਮਸੂਦ ਦੇ ਖਾਨਦਾਨ ਨਾਲ ਸਬੰਧਿਤ ਦੱਸਿਆ ਜਾਂਦਾ ਹੈ। ਉਸ ਦਾ ਇਕ ਹੋਰ ਚਚੇਰਾ ਭਰਾ ਵੀ ਕਸ਼ਮੀਰ ‘ਚ ਸਰਗਰਮ ਹੈ। ਜੈਸ਼ ਦਾ ਦੂਸਰਾ ਕਮਾਂਡਰ ਜਾਹਿਦ ਸ਼ੇਖ ਉਰਫ਼ ਉਮਰ ਅਫ਼ਗਾਨੀ ਹੈ। ਅਫ਼ਗਾਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਫ਼ਗਾਨਿਸਤਾਨ ਵਿਚ ਨਾਟੋ ਫ਼ੌਜ ਖ਼ਿਲਾਫ਼ ਲੜ ਚੁੱਕਾ ਹੈ।


VIA PUNJAB