ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ

ਕਾਰਡਿਫ- ਕੁਸ਼ਲ ਪਰੇਰਾ ਦੇ ਅਰਧ ਸੈਂਕੜੇ ਤੇ ਨੁਵਾਨ ਪ੍ਰਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸ਼੍ਰੀਲੰਕਾ ਨੇ ਮੀਂਹ ਪ੍ਰਭਾਵਿਤ ਵਿਸ਼ਵ ਕੱਪ ਮੈਚ ਵਿਚ ਮੰਗਲਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 34 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣਾ ਖਾਤਾ ਖੋਲ੍ਹ ਲਿਆ।ਅਫਗਾਨਿਸਤਾਨ ਨੂੰ ਜਿੱਤ ਲਈ 41 ਓਵਰਾਂ ਵਿਚ 187 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 32.4 ਓਵਰਾਂ ਵਿਚ 152 ਦੌੜਾਂ ‘ਤੇ ਹੀ ਆਊਟ ਹੋ ਗਈ। ਪ੍ਰਦੀਪ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 31 ਦੌੜਾਂ ‘ਤੇ 4 ਵਿਕਟਾਂ ਤੇ ਲਸਿਥ ਮਲਿੰਗਾ ਨੇ 39 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਫਗਾਨਿਸਤਾਨ ਵਲੋਂ ਨਜ਼ੀਬਉੱਲ੍ਹਾ ਜ਼ਾਦਰਾਨ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਜਦੋਂ 33 ਓਵਰਾਂ ਵਿਚ 8 ਵਿਕਟਾਂ ‘ਤੇ 182 ਦੌੜਾਂ ਬਣਾਈਆਂ ਸਨ, ਉਦੋਂ ਮੀਂਹ ਕਾਰਨ ਖੇਡ ਰੋਕਣੀ ਪਈ। ਇਸ ਤੋਂ ਬਾਅਦ ਜਦੋਂ ਦੁਬਾਰਾ ਖੇਡ ਸ਼ੁਰੂ ਹੋਈ ਤਾਂ ਮੈਚ 41-41 ਓਵਰਾਂ ਦਾ ਕਰ ਦਿੱਤਾ ਗਿਆ। ਇਸ ਤਰ੍ਹਾਂ ਨਾਲ ਅਫਗਾਨਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ ਜਿੱਤ ਲਈ 187 ਦੌੜਾਂ ਦਾ ਟੀਚਾ ਮਿਲਿਆ ਸੀ। ਨਬੀ ਨੇ 9 ਓਵਰਾਂ ਵਿਚ 30 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਰਾਸ਼ਿਦ ਖਾਨ ਤੇ ਦੌਲਤ ਜ਼ਾਦਰਾਨ ਨੇ 2-2 ਵਿਕਟਾਂ ਲਈਆਂ। ਸ਼੍ਰੀਲੰਕਾ ਵਲੋਂ ਕੁਸ਼ਾਲ ਪਰੇਰਾ ਨੇ ਸਭ ਤੋਂ ਵੱਧ 78 ਦੌੜਾਂ ਬਣਾਈਆਂ। ਉਸ ਤੋਂ ਬਾਅਦ ਦੂਜਾ ਵੱਡਾ ਸਕੋਰ ਵਾਧੂ ਦੌੜਾਂ (35) ਦਾ ਰਿਹਾ। ਹਜ਼ਰਤਉੱਲ੍ਹਾ ਜ਼ਾਜ਼ਈ (30) ਨੇ ਅਫਗਾਨਿਸਤਾਨ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਉਸ ਨੂੰ 24 ਦੌੜਾਂ ਦੇ ਨਿੱਜੀ ਸਕੋਰ ‘ਤੇ ਕੁਸ਼ਾਲ ਮੇਂਡਿਸ ਨੇ ਜੀਵਨ ਦਾਨ ਵੀ ਦਿੱਤੀ ਪਰ ਮਲਿੰਗਾ ਨੇ ਇਸੇ ਓਵਰ ਵਿਚ ਮੁਹੰਮਦ ਸ਼ਹਿਜ਼ਾਦ (7) ਨੂੰ ਆਊਟ ਕਰਵਾ ਕੇ ਸ਼੍ਰੀਲੰਕਾ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਵਿਕਟਾਂ ਦਾ ਪਤਨ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਆਫ ਸਪਿਨਰ ਮੁਹੰਮਦ ਨਬੀ ਨੇ 5 ਗੇਂਦਾਂ ਦੇ ਅੰਦਰ 3 ਵਿਕਟਾਂ ਲੈ ਕੇ ਨਾਟਕੀ ਪਤਨ ਦੀ ਕਹਾਣੀ ਲਿਖੀ, ਜਿਸ ਨਾਲ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 36.5 ਓਵਰਾਂ ਵਿਚ 201 ਦੌੜਾਂ ‘ਤੇ ਢੇਰ ਕਰ ਦਿੱਤਾ ਸੀ ਪਰ ਉਸਦੇ ਬੱਲੇਬਾਜ਼ ਮਿਲੇ ਟੀਚੇ ਨੂੰ ਹਾਸਲ ਕਰਨ ਵਿਚ ਕਾਮਯਾਬ ਨਹੀਂ ਰਹੇ।

VIA PUNJAB