ਕੋਹਲੀ ਨੇ ਸਚਿਨ ਦਾ ਰਿਕਾਰਡ ਤੋੜਿਆ

ਮੈਨਚੈਸਟਰ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਾਉਣ ਦੀ ਆਪਣੀ ਮੁਹਿੰਮ ਬਰਕਰਾਰ ਰੱਖਦਿਆਂ ਅੱਜ ਇੱਥੇ 222 ਪਾਰੀਆਂ ਵਿੱਚ 11000 ਦੌੜਾਂ ਪੂਰੀਆਂ ਕਰਕੇ ਸਚਿਨ ਤੇਂਦੁਲਕਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਕੋਹਲੀ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ਦੌਰਾਨ ਭਾਰਤੀ ਪਾਰੀ ਦੇ 45ਵੇਂ ਓਵਰ ਵਿੱਚ ਹਸਨ ਅਲੀ ਦੀ ਦੂਜੀ ਗੇਂਦ ’ਤੇ ਚੌਕਾ ਮਾਰ ਕੇ ਆਪਣੇ 230ਵੇਂ ਮੈਚ ਅਤੇ 222ਵੀਂ ਪਾਰੀ ਵਿੱਚ ਇਸ ਅੰਕੜੇ ਤੱਕ ਪੁੱਜਿਆ।ਕੋਹਲੀ 65 ਗੇਂਦਾਂ ’ਤੇ 77 ਦੌੜਾਂ ਬਣਾ ਕੇ ਆਊਟ ਹੋਇਆ। ਇਹ ਉਸ ਦੀ ਕਰੀਅਰ ਦੀ 51ਵੀਂ ਅਰਧ ਸੈਂਕੜਾ ਪਾਰੀ ਹੈ। ਮਾਸਟਰ ਬਲਾਸਟਰ ਤੇਂਦੁਲਕਰ 28 ਜਨਵਰੀ 2002 ਨੂੰ ਕਾਨਪੁਰ ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਮੈਚ ਵਿੱਚ 11,000 ਦੌੜਾਂ ਦੇ ਅੰਕੜੇ ਤੱਕ ਪਹੁੰਚਿਆ ਸੀ। ਉਸ ਨੇ ਇਹ ਉਪਲੱਬਧੀ ਕਰੀਅਰ ਦੀ 284ਵੀਂ ਇੱਕ ਰੋਜ਼ਾ ਅਤੇ 276ਵੀਂ ਪਾਰੀ ਵਿੱਚ ਹਾਸਲ ਕੀਤੀ ਸੀ। ਉਹ ਇਸ ਅੰਕੜੇ ਤੱਕ ਪਹੁੰਚਣ ਵਾਲਾ ਪਹਿਲਾ ਕ੍ਰਿਕਟ ਬਣਿਆ ਸੀ। ਇੱਕ ਰੋਜ਼ਾ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 8000, 9000 ਅਤੇ 10000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵੀ ਕੋਹਲੀ ਦੇ ਨਾਮ ਹੀ ਦਰਜ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ 11000 ਦੌੜਾਂ ਦੇ ਕਲੱਬ ਵਿੱਚ ਨੌਂ ਖਿਡਾਰੀ ਸ਼ਾਮਲ ਹਨ, ਜਿਸ ਵਿੱਚ ਕੋਹਲੀ ਅਤੇ ਸਚਿਨ ਤੋਂ ਇਲਾਵਾ ਇੱਕ ਹੋਰ ਭਾਰਤੀ ਬੱਲੇਬਾਜ਼ ਸੌਰਭ ਗਾਂਗੁਲੀ ਹੈ। ਇਸ ਤੋਂ ਪਹਿਲਾਂ ਗਾਂਗੁਲੀ 298ਵੇਂ ਮੈਚ ਅਤੇ 288ਵੀਂ ਪਾਰੀ ਵਿੱਚ ਇਸ ਮੁਕਾਮ ’ਤੇ ਪੁੱਜਿਆ ਸੀ।

VIA PUNJAB