ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਵਿਚਾਲੇ ਟੱਕਰ ਅੱਜ

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਨ ਮਗਰੋਂ ਲਗਾਤਾਰ ਹਾਰ ਦਾ ਸਾਹਮਣ ਕਰਨ ਵਾਲੀਆਂ ਬੰਗਲਾਦੇਸ਼ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਸੋਮਵਾਰ ਨੂੰ ਜਦੋਂ ਇੱਥੇ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਮੈਚ ਵਿੱਚ ਜਿੱਤ ਨਾਲ ਲੈਅ ਵਾਪਸ ਹਾਸਲ ਕਰਨ ਦਾ ਹੋਵੇਗਾ। ਵੈਸਟ ਇੰਡੀਜ਼ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ, ਜਦਕਿ ਟੀਮ ਨੂੰ ਆਸਟਰੇਲੀਆ ਅਤੇ ਇੰਗਲੈਂਡ ਤੋਂ ਹਾਰ ਝੱਲਣੀ ਪਈ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਉਸ ਦਾ ਮੈਚ ਮੀਂਹ ਨੇ ਧੋ ਦਿੱਤਾ।ਬੰਗਲਾਦੇਸ਼ ਨੇ ਵੀ ਆਪਣੇ ਪਹਿਲੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਉਲਟਫੇਰ ਕੀਤਾ, ਜਦਕਿ ਨਿਊਜ਼ੀਲੈਂਡ ਅਤੇ ਇੰਗਲੈਂਡ ਖ਼ਿਲਾਫ਼ ਟੀਮ ਨੂੰ ਹਾਰ ਝੱਲਣੀ ਪਈ। ਸ੍ਰੀਲੰਕਾ ਖ਼ਿਲਾਫ਼ ਉਸ ਦਾ ਮੁਕਾਬਲਾ ਮੀਂਹ ਕਾਰਨ ਨਹੀਂ ਹੋ ਸਕਿਆ। ਦੋਵਾਂ ਟੀਮਾਂ ਦੇ ਨਾਮ ਚਾਰ-ਚਾਰ ਮੈਚਾਂ ਵਿੱਚ ਬਰਾਬਰ ਤਿੰਨ ਅੰਕ ਹਨ ਅਤੇ ਇਸ ਮੈਚ ਨੂੰ ਜਿੱਤਣ ਵਾਲੀ ਟੀਮ ਅੰਕ ਸੂਚੀ ਵਿੱਚ ਆਪਣੀ ਸਥਿਤੀ ਵਿੱਚ ਸੁਧਾਰ ਕਰਨ ਵਿੱਚ ਸਫਲ ਰਹੇਗੀ। ਟਾਂਟਨ ਦੇ ਮੈਦਾਨ ਦੀ ਪਿੱਚ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ, ਜਿਨ੍ਹਾਂ ਨੇ ਪਾਕਿਸਤਾਨ ਅਤੇ ਆਸਟਰੇਲੀਆ ਦੇ ਸੀਨੀਅਰ ਕ੍ਰਮ ਨੂੰ ਝੰਜੋੜ ਦਿੱਤਾ ਸੀ। ਬੰਗਲਾਦੇਸ਼ ਦੇ ਵੈਸਟ ਇੰਡੀਜ਼ ਖ਼ਿਲਾਫ਼ ਹੌਸਲੇ ਬੁਲੰਦ ਹੋਣਗੇ ਕਿਉਂਕਿ ਵਿਸ਼ਵ ਕੱਪ ਤੋਂ ਪਹਿਲਾਂ ਆਇਰਲੈਂਡ ਵਿੱਚ ਖੇਡੀ ਗਈ ਤਿਕੋਣੀ ਲੜੀ ਵਿੱਚ ਟੀਮ ਨੇ ਵੈਸਟ ਇੰਡੀਜ਼ ਨੂੰ ਦੋ ਲੀਗ ਮੈਚਾਂ ਮਗਰੋਂ ਫਾਈਨਲ ਵਿੱਚ ਵੀ ਹਰਾਇਆ ਸੀ। ਵੈਸਟ ਇੰਡੀਜ਼ ਦੀ ਪ੍ਰੇਸ਼ਾਨੀ ਉਸ ਦੀ ਬੱਲੇਬਾਜ਼ੀ ਹੈ। ਆਸਟਰੇਲੀਆ ਅਤੇ ਇੰਗਲੈਂਡ ਖ਼ਿਲਾਫ਼ ਟੀਮ ਦੀ ਇਹ ਕਮਜੋਰੀ ਸਾਫ਼ ਜ਼ਾਹਰ ਹੋਈ ਹੈ।

VIA PUNJAB