ਪਾਕਿਸਤਾਨ ਵਿੱਚ ਟਰੇਨ ਦੀ ਮਾਲਗੱਡੀ ਨਾਲ ਟਕੱਰ, 11 ਵਿਅਕਤੀਆਂ ਦੀ ਮੌਤ ਤੇ 60 ਜ਼ਖਮੀ

ਇਸਲਾਮਾਬਾਦ – ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿੱਚ ਅੱਜ ਇਕ ਤੇਜ਼ ਗਤੀ ਵਾਲੀ ਯਾਤਰੀ ਟਰੇਨ ਦੀ ਮਾਲਗੱਡੀ ਨਾਲ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 11ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ| ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ| ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਵੇਟਾ ਆਧਾਰਿਤ ਅਕਬਰ ਐਕਸਪ੍ਰੈਸ ਪੰਜਾਬ ਸੂਬੇ ਦੀ ਸਾਦਿਕਾਬਾਦ ਤਹਿਸੀਲ ਦੇ ਵਲਹਾਰ ਰੇਲਵੇ ਸਟੇਸ਼ਨ ਤੇ ਸਥਿਤ ਮਾਲਗੱਡੀ ਨਾਲ ਟਕਰਾ ਗਈ| ਮਾਲਗੱਡੀ ਲੂਪ ਲਾਈਨ ਤੇ ਖੜ੍ਹੀ ਸੀ ਜਦੋਂ ਮੇਨਲਾਈਨ ਤੇ ਚੱਲਣ ਦੀ ਬਜਾਏ ਤੇਜ਼ ਗਤੀ ਵਾਲੀ ਪੈਸੇਂਜਰ ਟਰੇਨ ਗਲਤ ਟਰੈਕ ਤੇ ਚਲੀ ਗਈ| ਜ਼ਿਲਾ ਪੁਲੀਸ ਅਫਸਰ (ਡੀ.ਪੀ.ਓ.) ਰਹੀਮ ਯਾਰ ਖਾਨ ਉਮਰ ਸਲਾਮਤ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਇਕ ਮਹਿਲਾ ਅਤੇ 8 ਪੁਰਸ਼ ਸ਼ਾਮਲ ਹਨ ਜਦਕਿ ਜ਼ਖਮੀਆਂ ਵਿੱਚ 9 ਔਰਤਾਂ ਅਤੇ 11 ਬੱਚੇ ਸ਼ਾਮਲ ਹਨ| ਜ਼ਖਮੀਆਂ ਨੂੰ ਇਲਾਜ ਲਈ ਸਾਦਿਕਾਬਾਦ ਅਤੇ ਰਹੀਮ ਯਾਰ ਖਾਨ ਦੇ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ| ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਤੇਜ਼ ਗਤੀ ਵਾਲੀ ਅਕਬਰ ਐਕਸਪ੍ਰੈਸ ਦੇ ਮਾਲਗੱਡੀ ਨਾਲ ਟਕਰਾ ਜਾਣ ਨਾਲ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਬੱਚੇ ਅਤੇ ਵਿਅਕਤੀ ਨੂੰ ਟਰੇਨ ਵਿੱਚੋਂ ਬਚਾਇਆ ਗਿਆ ਹੈ| ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਅਕਬਰ ਐਕਸਪ੍ਰੈਸ ਦਾ ਇੰਜਣ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਜਦਕਿ 3 ਬੋਗੀਆਂ ਨੁਕਸਾਨੀਆਂ ਗਈਆਂ| ਡੀ.ਪੀ.ਓ. ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਸਾਈਟ ਤੇ ਹਾਈਡ੍ਰੋਲਿਕ ਕਟਰ ਬੁਲਾਏ ਗਏ ਹਨ| ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ| ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਰੇਲ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ| ਇਮਰਾਨ ਖਾਨ ਨੇ ਆਪਣੇ ਇਕ ਟਵੀਟ ਵਿਚ ਕਿਹਾ ਕਿ ਉਨ੍ਹਾਂ ਨੇ ਰੇਲ ਮੰਤਰੀ ਨੂੰ ਸੁਰੱਖਿਆ ਦੇ ਮਿਆਰ ਨੂੰ ਯਕੀਨੀ ਬਣਾਉਣ ਅਤੇ ਐਮਰਜੈਂਸੀ ਕਦਮ ਚੁੱਕਣ ਲਈ ਕਿਹਾ ਹੈ|

VIA PUNJAB