ਚੇਨਈ ਵਾਸਤੇ ਪਾਣੀ ਲੈ ਕੇ ਵੇਲੋਰ ਤੋਂ ਆਈ ਪਹਿਲੀ ਟਰੇਨ

ਚੇਨਈ – ਪਾਣੀ ਦੀ ਕਿੱਲਤ ਨਾਲ ਜੂਝ ਰਹੀ ਚੇਨਈ ਲਈ ਵੇਲੋਰ ਦੇ ਜੋਨਲਪੇਟ ਤੋਂ 10 ਐਮ. ਐਲ. ਡੀ. ਪਾਣੀ ਲੈ ਕੇ ਟਰੇਨ ਅੱਜ ਚੇਨਈ ਪਹੁੰਚੀ| ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਾਨਸੂਨ ਸ਼ੁਰੂ ਹੋਣ ਤੱਕ ਵੇਲੋਰ ਤੋਂ ਚੇਨਈ ਤੱਕ ਰੋਜ਼ਾਨਾ 65 ਕਰੋੜ ਰੁਪਏ ਦਾ ਪਾਣੀ ਲਿਆਂਦਾ ਜਾਵੇਗਾ| ਏ. ਆਈ. ਏ. ਡੀ. ਐਮ. ਕੇ. ਸਰਕਾਰ ਦੇ ਇਸ ਫੈਸਲੇ ਦਾ ਡੀ.ਐਮ.ਕੇ. ਨੇਤਾ ਐਮ.ਕੇ. ਸਟਾਲਿਨ ਨੇ ਵੀ ਸਵਾਗਤ ਕੀਤਾ ਹੈ| ਜ਼ਿਕਰਯੋਗ ਹੈ ਕਿ ਚੇਨਈ ਵਿੱਚ ਪਾਣੀ ਦਾ ਭਿਆਨਕ ਸੰਕਟ ਚੱਲ ਰਿਹਾ ਹੈ| ਇੱਥੇ ਜ਼ਮੀਨ ਹੇਠ ਪਾਣੀ ਲਗਾਤਾਰ ਖਤਮ ਹੁੰਦਾ ਜਾ ਰਿਹਾ ਹੈ| ਤਾਲਾਬ ਸੁੱਕ ਰਹੇ ਹਨ| ਜਿਸ ਕਾਰਨ ਪੀਣ ਦੇ ਪਾਣੀ ਦਾ ਸੰਕਟ ਸਾਹਮਣੇ ਆਇਆ ਹੈ| ਕਰੀਬ 15 ਦਿਨਾਂ ਤੋਂ ਲੋਕਾਂ ਨੂੰ ਟੈਂਕਰ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ| ਚੇਨਈ ਵਿੱਚ ਜਲ ਸੰਕਟ ਦੀ ਸਥਿਤੀ ਗੰਭੀਰਤਾ ਨੂੰ ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਸਿਆਸੀ ਦਲਾਂ ਨੂੰ ਵੀ ਸੜਕ ਤੇ ਉਤਰ ਕੇ ਪ੍ਰਦਰਸ਼ਨ ਕਰਨਾ ਪਿਆ| ਚੇਨਈ ਵਿੱਚ ਪਾਣੀ ਸੰਕਟ ਦਾ ਹਾਲ ਇਹ ਹੈ ਕਿ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਪਾਣੀ ਦੇ ਨਿੱਜੀ ਟੈਂਕਰਾਂ ਦਾ ਸਹਾਰਾ ਲੈਣਾ ਪੈਂਦਾ ਹੈ| ਹੁਣ ਇਨ੍ਹਾਂ ਨਿੱਜੀ ਟੈਂਕਰਾਂ ਲਈ ਲੋਕਾਂ ਨੂੰ ਦੁੱਗਣੇ ਪੈਸੇ ਦੇਣੇ ਪੈਣਗੇ| ਨਿੱਜੀ ਜਲ ਟੈਂਕਰ ਸੰਘ ਦਾ ਕਹਿਣਾ ਹੈ ਕਿ ਪੈਸਾ ਵਧਣਾ ਜਾਇਜ਼ ਹੈ, ਕਿਉਂਕਿ ਉਨ੍ਹਾਂ ਨੂੰ ਪਾਣੀ ਭਰਨ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਹੈ|

VIA PUNJAB