- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਜੋਕੀ ਪੀੜੀ ਦੇ ਗਾਇਕ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਤੋਂ ਸੇਧ ਲੈਣ: ਸੁਖਜਿੰਦਰ ਸਿੰਘ ਰੰਧਾਵਾ
”ਸਾਫ ਸੁਥਰੀ, ਸਾਰਥਿਕ ਤੇ ਲੋਕ ਹਿੱਤਾਂ ਦੀ ਗਾਇਕੀ ਅਜੋਕੇ ਸਮੇਂ ਦੀ ਵੱਡੀ ਲੋੜ”
ਚੰਡੀਗੜ – ”ਅਮਰਜੀਤ ਗੁਰਦਾਸਪੁਰੀ ਸਾਫ ਸੁਥਰੀ, ਸਾਰਥਿਕ ਤੇ ਲੋਕ ਹਿੱਤਾਂ ਦੀ ਗਾਇਕੀ ਦਾ ਮੁਜੱਸਮਾ ਹੈ ਜਿਸ ਦੀ ਗਾਇਕੀ ਦੀ ਪ੍ਰੰਪਰਾ ਨੂੰ ਅੱਗੇ ਤੋਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਲੋਕ ਗਾਇਕ ਦੀ ਜੀਵਨੀ ਤੋਂ ਅਜੋਕੀ ਪੀੜੀ ਦੇ ਗਾਇਕ ਸੇਧ ਲੈ ਕੇ ਕਲਾ ਤੇ ਸੱਭਿਆਚਾਰ ਖੇਤਰ ਨੂੰ ਹੋਰ ਅਮੀਰੀ ਬਖ਼ਸ਼ ਸਕਦੇ ਹਨ। ਅਮਰਜੀਤ ਗੁਰਦਾਸਪੁਰੀ ਵਲੋਂ ਜੋ ਪੰਜਾਬੀ ਗਾਇਕੀ ਖੇਤਰ ਵਿਚ ਨਿਵੇਕਲੀਆਂ ਪੈੜਾਂ ਪਾਈਆਂ, ਉਹ ਬਹੁਤ ਸਾਰੇ ਲੋਕਾਂ ਦਾ ਰਾਹ ਦਸੇਰਾ ਵੀ ਬਣ ਰਹੀਆਂ ਹਨ।” ਇਹ ਗੱਲ ਪੰਜਾਬ ਦੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਲਾ ਭਵਨ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ‘ਉਡੀਕਾਂ ਸਾਉਣ ਦੀਆਂ ਸੰਗੀਤ ਤੇ ਨਾਟ ਉਤਸਵ’ ਅਧੀਨ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਰੋਤਿਆਂ ਦੇ ਸਨਮੁੱਖ ਕਰਵਾਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕਹੇ।ਸ. ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਨੂੰ ਮਾਣ ਹੈ ਕਿ ਸ਼ਿਵ ਬਟਾਲਵੀ ਤੇ ਅਮਰਜੀਤ ਗੁਰਦਾਸਪੁਰੀ ਜਿਹੇ ਦੋ ਅਣਮੋਲ ਹੀਰੇ ਸਾਹਿਤ ਤੇ ਕਲਾ ਖੇਤਰ ਨੂੰ ਦਿੱਤੇ। ਉਨਾਂ ਕਿਹਾ, ”ਮੇਰੇ ਲਈ ਨਿੱਜੀ ਖੁਸ਼ੀ ਦੀ ਗੱਲ ਹੈ ਕਿ ਅਮਰਜੀਤ ਗੁਰਦਾਸਪੁਰੀ ਦੇ ਪਿੰਡ ਉਦੋਵਾਲੀ ਵਿਖੇ ਸਾਡੀ ਜ਼ਮੀਨ ਹੈ ਅਤੇ ਇਸ ਪਰਿਵਾਰ ਨਾਲ ਮੇਰੀ ਪੁਰਾਣੀ ਸਾਂਝ ਹੈ।” ਉਨਾਂ ਕਿਹਾ ਕਿ ਗੰਧਲੀ ਤੇ ਲੱਚਰ ਗਾਇਕੀ ਦੇ ਦੌਰ ਵਿੱਚ ਅਮਰਜੀਤ ਗੁਰਦਾਸਪੁਰੀ ਦੀ ਗਾਇਕੀ ਠੰਡੀ ਹਵਾ ਦਾ ਬੁੱਲਾ ਹੈ ਜਿਸ ਉਪਰ ਸਮੁੱਚੇ ਪੰਜਾਬੀਆਂ ਨੂੰ ਮਾਣ ਹੈ। ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਾਇਕੀ, ਰਾਜਨੀਤੀ ਆਦਿ ਹਰ ਖੇਤਰ ਵਿੱਚ ਗਿਰਾਵਟ ਆ ਰਹੀ ਹੈ ਅਤੇ ਇਸ ਸਮੇਂ ਵਿੱਚ ਅਜਿਹੀਆਂ ਪਵਿੱਤਰ ਰੂਹਾਂ ਕਾਰਨ ਹੀ ਪੰਜਾਬ ਦੀ ਲੋਕ ਗਾਇਕੀ ਬਚੀ ਹੋਈ ਹੈ। ਸ. ਰੰਧਾਵਾ ਨੇ ਇਸ ਮੌਕੇ ਅਮਰਜੀਤ ਗੁਰਦਾਸਪੁਰੀ ਨੂੰ ਸਨਮਾਨਤ ਕੀਤਾ ਅਤੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਨੂੰ ਤਿੰਨ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਜਿਸ ਵਿੱਚੋਂ ਇਕ ਲੱਖ ਰੁਪਏ ਵਿਸ਼ੇਸ਼ ਤੌਰ ‘ਤੇ ਨਿੰਦਰ ਘੁਗਿਆਣਵੀ ਵੱਲੋਂ ਅਮਰਜੀਤ ਗੁਰਦਾਸਪੁਰੀ ਦੀ ਜੀਵਨੀ ਉਪਰ ਬਣਾਈ ਡਾਕੂਮੈਂਟਰੀ ਦੇ ਨਵਿਆਉਣ ਲਈ ਦਿੱਤੇ ਜਾਣਗੇ। ਅਮਰਜੀਤ ਗੁਰਦਾਸਪੁਰੀ ਸਰੋਤਿਆਂ ਦੇ ਰੂਬਰੂ ਵੀ ਹੋਏ ਅਤੇ ਆਪਣੀ ਬੁਲੰਦ ਆਵਾਜ਼ ਵਿੱਚ ਹੀਰ ਦੀ ਕਲੀ ਵੀ ਸੁਣਾਈ।
ਇਸੇ ਮੌਕੇ ਨਿੰਦਰ ਘੁਗਿਆਣਵੀ ਵੱਲੋਂ ਪ੍ਰੋ. ਗੁਰਭਜਨ ਗਿੱਲ ਦੀ ਪ੍ਰੇਰਨਾ ਦੀ ਨਾਲ ਅਮਰਜੀਤ ਗੁਰਦਾਸਪੁਰੀ ਦੀ ਗਾਇਕੀ ਅਤੇ ਨਾਲ-ਨਾਲ ਉਨਾਂ ਦੇ ਜੀਵਨ ‘ਤੇ ਝਾਤ ਮਾਰਦੀ ਬਣਾਈ ਗਈ 50 ਮਿੰਟ ਦੀ ਡਾਕੂਮੈਂਟਰੀ ਵੀ ਦਿਖਾਈ ਗਈ ਜਿਸ ਦੀ ਸਰੋਤਿਆਂ ਵੱਲੋਂ ਬਹੁਤ ਸਲਾਹੁਤਾ ਹੋਈ। ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਅਤੇ ਯੁੱਧਵੀਰ ਨੇ ਆਪਣੇ ਮਕਬੂਲ ਗੀਤਾਂ ਨਾਲ ਸਰੋਤਿਆਂ ਦਾ ਭਰਵਾਂ ਹੁੰਗਾਰਾ ਲਿਆ। ਇਸੇ ਲੜੀ ਵਿਚ ਗਾਇਕ ਗੁਰਿੰਦਰ ਗੈਰੀ ਨੇ ਜਿੱਥੇ ਮਰਹੂਮ ਗੀਤਕਾਰ ਇੰਦਰਜੀਤ ਹਸਨਪੁਰੀ ਦੇ ਗੀਤ ‘ਜਦੋਂ ਯਾਦ ਸੱਜਣਾ ਵੇ ਤੇਰੀ ਆਵੇ’ ਅਤੇ ਗਾਇਕ ਪਿੰਕ ਸ਼ੈਂਡੀ ਨੇ ‘ਦੁੱਲਾ ਭੱਟੀ’ ਲੋਕ ਗਾਥਾ ਗਾ ਕੇ ਚੰਗਾ ਰੰਗ ਬੰਨਿਆ।ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਡਾ. ਸੁਰਿੰਦਰ ਗਿੱਲ, ਸ਼ਮਸ਼ੇਰ ਸੰਧੂ, ਨਵਦੀਪ ਸਿੰਘ ਗਿੱਲ ਅਤੇ ਸੰਜੀਵਨ ਸਿੰਘ ਵੱਲੋਂ ਅਮਰਜੀਤ ਗੁਰਦਾਸਪੁਰੀ ਨਾਲ ਜਿੱਥੇ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ, ਉੱਥੇ ਉਨਾਂ ਵਲੋਂ ਉਨਾਂ ਦੀ ਸਾਰਥਿਕ ਕਲਾ ਨੂੰ ਵੀ ਸਰਾਹਿਆ ਗਿਆ। ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਤੇ ਲੇਖਕ ਨਿੰਦਰ ਘੁਗਿਆਣਵੀ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਸਮਾਰੋਹ ‘ਚ ਲੇਖਕ ਸ਼ਬਦੀਸ਼, ਸੁਭਾਸ਼ ਭਾਸਕਰ, ਅਦਾਕਾਰਾ ਤੇ ਨਿਰਦੇਸ਼ਕਾ ਅਨੀਤਾ ਸ਼ਬਦੀਸ਼, ਰੰਗ ਕਰਮੀ ਲੇਖਕ ਤੇ ਨਿਰਦੇਸ਼ਕ ਸੰਜੀਵਨ ਸਿੰਘ, ਜੇ. ਐੱਸ. ਖ਼ੁਸ਼ਦਿਲ, ਸ. ਗੁਰਦਰਸ਼ਨ ਸਿੰਘ ਬਾਹੀਆ, ਗੁਰਮੇਲ ਸਿੰਘ ਸਿੱਧੂ, ਦਰਸ਼ਨ ਪਤਲੀ ਅਤੇ ਐਡਵੋਕੇਟ ਕੁਲਬੀਰ ਸਿੰਘ ਸੇਖੋਂ ਵੀ ਸ਼ਾਮਲ ਹੋਏ। ਸਮਾਗਮ ਦਾ ਮੰਚ ਸੰਚਾਲਨ ਭੁਪਿੰਦਰ ਸਿੰਘ ਮਲਿਕ ਵੱਲੋਂ ਬਾਖੂਬੀ ਕੀਤਾ ਗਿਆ।


