ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗਜ਼ ਵਿੱਚ ਮੁੜ ਚੋਟੀ ਦਾ ਸਥਾਨ ਬਣਾ ਲਿਆ ਹੈ। ਕੋਹਲੀ ਨੇ ਨਾਟਿੰਘਮ ਵਿੱਚ ਤੀਜੇ ਟੈਸਟ ਵਿੱਚ 97 ਅਤੇ 103 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਹ ਟੈਸਟ 203 ਦੌੜਾਂ ਨਾਲ ਜਿੱਤਿਆ ਹੈ। ਬਰਮਿੰਘਮ ਵਿੱਚ ਪਹਿਲੇ ਟੈਸਟ ਵਿੱਚ 149 ਅਤੇ 51 ਦੌੜਾਂ ਦੀ ਪਾਰੀ ਖੇਡਣ ਮਗਰੋਂ ਕੋਹਲੀ ਨੇ ਚੋਟੀ ਦੀ ਥਾਂ ਬਣਾਈ ਸੀ, ਪਰ ਲਾਰਡਜ਼ ਵਿੱਚ ਦੂਜੇ ਟੈਸਟ ਵਿੱਚ ਭਾਰਤ ਦੀ ਹਾਰ ਦੌਰਾਨ ਖ਼ਰਾਬ ਪ੍ਰਦਰਸ਼ਨ ਕਾਰਨ ਉਹ ਦੂਜੇ ਸਥਾਨ ’ਤੇ ਆ ਗਿਆ ਸੀ। ਕੋਹਲੀ ਦੇ ਹੁਣ 937 ਅੰਕ ਹਨ, ਜੋ ਟੈਸਟ ਕ੍ਰਿਕਟ ਦੇ ਇਤਿਹਾਸ ਦੇ 11ਵੇਂ ਸਰਵੋਤਮ ਰੇਟਿੰਗ ਅੰਕ ਹਨ। ਰੇਟਿੰਗ ਦੇ ਮਾਮਲੇ ਵਿੱਚ ਚੋਟੀ ਦੇ ਦਸ ਖਿਡਾਰੀਆਂ ਵਿੱਚ ਡਾਨ ਬ੍ਰੈਡਮੈਨ (961 ਅੰਕ), ਸਟੀਵ ਸਮਿੱਥ (947), ਲੇਨ ਹਟਨ (945), ਜੈਕ ਹੋਬਜ਼ (942), ਰਿੱਕੀ ਪੋਂਟਿੰਗ (942), ਪੀਟਰ ਮੇਅ (941), ਗੈਰੀ ਸੋਬਰਜ਼, ਕਲਾਈਡ ਵਾਲਕੋਟ, ਵਿਵਿਅਨ ਰਿਚਰਡਜ਼ ਅਤੇ ਕੁਮਾਰ ਸੰਗਕਾਰਾ (ਸਾਰੇ 938) ਸ਼ਾਮਲ ਹਨ। ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ਨਾਲ ਭਾਰਤ ਦਾ ਦੂਜਾ ਸਰਵੋਤਮ ਬੱਲੇਬਾਜ਼ ਹੈ। ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲਾ ਹਾਰਦਿਕ ਪੰਡਿਆ ਗੇਂਦਬਾਜ਼ੀ ਰੈਂਕਿੰਗਜ਼ ਵਿੱਚ 23 ਸਥਾਨਾਂ ਦੇ ਫ਼ਾਇਦੇ ਨਾਲ ਕਰੀਅਰ ਦੇ ਸਵਰੋਤਮ 51ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲਾ ਜਸਪ੍ਰੀਤ ਬੁਮਰਾਹ ਵੀ ਅੱਠ ਸਥਾਨ ਦੇ ਫ਼ਾਇਦੇ ਨਾਲ ਕਰੀਅਰ ਦੇ ਸਰਵੋਤਮ 37ਵੇਂ ਸਥਾਨ ’ਤੇ ਹੈ।

VIA PUNJAB