ਰੂਸ ਨੇ ਸੀਰੀਆ ਦੇ ਮਾਮਲੇ ‘ਚ ਅਮਰੀਕੀ ਚਿਤਾਵਨੀ ਨੂੰ ਕੀਤਾ ਖਾਰਿਜ

ਮਾਸਕੋ – ਰੂਸ ਨੇ ਸੀਰੀਆ ਦੇ ਅੱਤਵਾਦ ਦਾ ਗੜ੍ਹ ਕਹੇ ਜਾਣ ਵਾਲੇ ਇਦਲਿਬ ‘ਤੇ ਹਮਲਾ ਨਾ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਿਤਾਵਨੀ ਖਾਰਿਜ ਕਰ ਦਿੱਤੀ ਹੈ। ਵਾਸ਼ਿੰਗਟਨ ਦਾ ਮੰਨਣਾ ਹੈ ਕਿ ਇਸ ਸੀਰੀਆਈ ਖੇਤਰ ‘ਚ ਵੱਡੀ ਗਿਣਤੀ ‘ਚ ਅੱਤਵਾਦੀ ਰਹਿੰਦੇ ਹਨ ਜਿੱਥੇ ਹਮਲੇ ਦੌਰਾਨ ਆਮ ਨਾਗਰਿਕਾਂ ਦੀ ਵੀ ਜਾਨ ਜਾ ਸਕਦੀ ਹੈ। ਟਰੰਪ ਨੇ ਸੋਮਵਾਰ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਤੇ ਉਸ ਦੇ ਸਹਿਯੋਗੀ ਈਰਾਨ ਅਤੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਬਿਨਾਂ ਸੋਚ-ਵਿਚਾਰ ਕੀਤੇ ਅੱਤਵਾਦੀਆਂ ਦੇ ਗੜ੍ਹ ‘ਤੇ ਹਮਲਾ ਨਾ ਕੀਤਾ ਜਾਵੇ। ਇਸ ਕਦਮ ਨਾਲ ਵੱਡੀ ਗਿਣਤੀ ‘ਚ ਆਮ ਲੋਕ ਮਾਰੇ ਜਾ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਦੀ ਚਿਤਾਵਨੀ ਦੀ ਪ੍ਰਤੀਕਿਰਿਆ ‘ਚ ਕ੍ਰੇਮਲਿਨ ਦੇ ਬੁਲਾਰੇ ਦਮਿਤ੍ਰੀ ਪੋਸਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਸੀਰੀਆ ਦੀ ਭਿਆਨਕ ਸਥਿਤੀ ਨੂੰ ਸਮਝੇ ਬਿਨਾਂ ਇਸ ਤਰ੍ਹਾਂ ਦੀ ਚਿਤਾਵਨੀ ਜਾਰੀ ਕਰਨਾ ਅਮਲੀ ਕਦਮ ਨਹੀਂ ਹੈ। ਇਦਲਿਬ ‘ਚ ਅੱਤਵਾਦੀਆਂ ਦੀ ਹਾਜ਼ਰੀ ਸੀਰੀਆ ਦੀ ਸ਼ਾਂਤੀ ਪ੍ਰਕਿਰਿਆ ‘ਚ ਵੱਡੀ ਮੁਸ਼ਕਿਲ ਹੈ। ਇਸ ਖੇਤਰ ਤੋਂ ਅੱਤਵਾਦੀ ਸੀਰੀਆ ‘ਚ ਮੌਜੂਦ ਰੂਸੀ ਸੁਰੱਖਿਆ ਬਲਾਂ ‘ਤੇ ਹਮਲੇ ਲਈ ਅੱਡੇ ਵੀ ਤਿਆਰ ਕਰ ਰਹੇ ਹਨ। ਪੋਸਕੇ ਨੇ ਆਖਿਆ ਕਿ ਰੂਸ, ਈਰਾਨ ਅਤੇ ਤੁਰਕੀ ਦੇ ਨੇਤਾਵਾਂ ਦੀ ਅਗਲੇ ਮਹੀਨੇ ਈਰਾਨ ‘ਚ ਹੋਣ ਵਾਲੀ ਬੈਠਕ ਦੇ ਏਜੰਡੇ ‘ਚ ਇਦਲਿਬ ਮੁੱਖ ਮੁੱਦਿਆਂ ‘ਚ ਸ਼ਾਮਲ ਹੋਵੇਗਾ।

VIA PUNJAB