ਭਾਰਤ ਨੇ ਵੈਸਟ ਇੰਡੀਜ਼ ਦੇ ਪੈਰ ਉਖਾੜੇ

ਰਾਜਕੋਟ – ਕਪਤਾਨ ਵਿਰਾਟ ਕੋਹਲੀ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਦੇ ਬਿਹਰਤੀਨ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਨੂੰ ਨੌਂ ਵਿਕਟਾਂ ’ਤੇ 649 ਦੌੜਾਂ ਦੇ ਪਹਾੜ ਵਰਗੇ ਸਕੋਰ ’ਤੇ ਐਲਾਨਣ ਦਿੱਤਾ। ਇਸ ਤੋਂ ਮਗਰੋਂ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਵੀ ਮਹਿਮਾਨ ਵੈਸਟ ਇੰਡੀਜ਼ ’ਤੇ ਕੋਈ ਰਹਿਮਦਿਲੀ ਨਹੀਂ ਵਿਖਾਈ ਅਤੇ ਪਹਿਲੇ ਟੈਸਟ ਦੇ ਦੂਜੇ ਦਿਨ ਅੱਜ ਦੀ ਖੇਡ ਖ਼ਤਮ ਹੋਣ ਤਕ 94 ਦੌੜਾਂ ’ਤੇ ਛੇ ਵਿਕਟਾਂ ਲੈ ਲਈਆਂ। ਵੈਸਟ ਇੰਡੀਜ਼ ਦੇ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਸਾਹਮਣੇ ਫਿੱਕੇ ਪੈ ਗਏ ਅਤੇ ਮੇਜ਼ਬਾਨ ਟੀਮ ਨੇ ਦੂਜੇ ਦਿਨ ਚਾਹ ਦੇ ਸਮੇਂ ਤੱਕ 149.5 ਓਵਰਾਂ ਵਿੱਚ ਨੌਂ ਵਿਕਟਾਂ ’ਤੇ 649 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ। ਵਿਰਾਟ ਨੇ 139 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਅਤੇ 24 ਸਭ ਤੋਂ ਤੇਜ਼ ਸੈਂਕੜੇ ਬਣਾਉਣ ਦੇ ਮਾਮਲੇ ਵਿੱਚ ਸਰ ਡਾਨ ਬ੍ਰੈਡਮੈਨ ਮਗਰੋਂ ਦੂਜਾ ਬੱਲੇਬਾਜ਼ ਬਣ ਗਿਆ, ਜਦਕਿ ਜਡੇਜਾ ਨੇ ਨਾਬਾਦ 100 ਦੌੜਾਂ ਬਣਾ ਕੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਆਪਣੇ ਨਾਮ ਕੀਤਾ। ਭਾਰਤੀ ਪਾਰੀ ਮਗਰੋਂ ਵੈਸਟ ਇੰਡੀਜ਼ ਦੀ ਟੀਮ ਬੱਲੇਬਾਜ਼ ਲਈ ਉਤਰੀ, ਪਰ 29 ਓਵਰਾਂ ਵਿੱਚ ਆਪਣੀਆਂ ਅਹਿਮ ਵਿਕਟਾਂ ਸਿਰਫ਼ 94 ਦੌੜਾਂ ਤਕ ਗੁਆ ਬੈਠੀ। ਰੋਸਟਨ ਚੇਜ 27 ਦੌੜਾਂ ਅਤੇ ਕੀਮੋ ਪੌਲ 13 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ। ਮਹਿਮਾਨ ਟੀਮ ਭਾਰਤ ਦੇ ਸਕੋਰ ਤੋਂ 555 ਦੌੜਾਂ ਪਿੱਛੇ ਹੈ, ਜਦਕਿ ਉਸ ਕੋਲ ਹੁਣ ਸਿਰਫ਼ ਚਾਰ ਵਿਕਟਾਂ ਹੀ ਬਚੀਆਂ ਹਨ। ਭਾਰਤੀ ਗੇਂਦਬਾਜ਼ਾਂ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੈਸਟ ਇੰਡੀਜ਼ ਦੇ ਦੋਵਾਂ ਸਲਾਮੀ ਬੱਲੇਬਾਜ਼ਾਂ ਕਾਰਲੋਸ ਬ੍ਰੈਥਵੇਟ (ਦੋ) ਅਤੇ ਕੀਰਨ ਪਾਵੇਲ (ਇੱਕ) ਦੀਆਂ ਵਿਕਟਾਂ ਲਈਆਂ। ਸ਼ਾਈ ਹੋਪ (ਦਸ) ਨੂੰ ਰਵੀਚੰਦਰਨ ਅਸ਼ਵਿਨ ਨੇ ਆਊਟ ਕਰਕੇ ਤੀਜੀ ਵਿਕਟ ਲਈ। ਆਪਣਾ ਪਹਿਲਾ ਟੈਸਟ ਸੈਂਕੜਾ ਮਾਰਨ ਵਾਲੇ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਸ਼ਿਮਰੋਨ ਹੈਤਮੀਅਰ (ਦਸ) ਨੂੰ ਅਤੇ ਸੁਨੀਲ ਅੰਬਰੀਸ (12) ਨੂੰ ਆਊਟ ਕੀਤਾ, ਜਦਕਿ ਵਿਕਟਕੀਪਰ ਸ਼ੈਨ ਡੋਅਰਿਚ (ਦਸ) ਨੂੰ ਫ਼ਿਰਕੀ ਗੇਂਦਬਾਜ਼ ਕੁਲਦੀਪ ਯਾਦਵ ਨੇ ਬਾਹਰ ਦਾ ਰਸਤਾ ਵਿਖਾਇਆ।

VIA PUNJAB