ਕੈਰੇਬਿਆਈ ਸਰਜ਼ਮੀਨ ’ਤੇ ਹਾਲਾਤ ਹੋਣਗੇ ਚੁਣੌਤੀਪੂਰਣ: ਹਰਮਨਪ੍ਰੀਤ

ਦੁਬਈ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਵਿੱਚ ਪਿੱਚਾਂ ਤੇ ਹਵਾਦਾਰ ਹਾਲਾਤ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਅਗਲੇ ਮਹੀਨੇ ਹੋਣ ਵਾਲੇ ਆਈਸੀਸੀ ਵਿਸ਼ਵ ਟੀ-20 ਕੱਪ ਦੌਰਾਨ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਹਰਮਨਪ੍ਰੀਤ ਨੇ ਆਈਸੀਸੀ ਲਈ ਲਿਖੇ ਆਪਣੇ ਕਾਲਮ ਵਿੱਚ ਕਿਹਾ, ‘ਵੈਸਟਇੰਡੀਜ਼ ਵਿੱਚ ਹਵਾ ਸਭ ਤੋ ਮੁਸ਼ਕਲ ਹੁੰਦੀ ਹੈ। ਇਸ ਨਾਲ ਸਿਰਫ਼ ਅਸਮਾਨੀ ਕੈਚ ਹੀ ਅਸਰ ਅੰਦਾਜ਼ ਨਹੀਂ ਹੁੰਦੇ ਬਲਕਿ ਇਸ ਨਾਲ ਬਤੌਰ ਕਪਤਾਨ, ਗੇਂਦਬਾਜ਼ ਤੇ ਬੱਲੇਬਾਜ਼ ਕਾਫ਼ੀ ਫਰਕ ਆ ਜਾਂਦਾ ਹੈ।’ ਕਪਤਾਨ ਨੇ ਕਿਹਾ, ‘ਸਾਨੂੰ ਇਹ ਸੋਚ ਵਿਚਾਰ ਕਰਨਾ ਹੋਵੇਗਾ ਕਿ ਕਿਸ ਗੇਂਦਬਾਜ਼ ਨੂੰ ਕਿਸ ਸਿਰੇ ਤੋਂ ਲਾਇਆ ਜਾਵੇ ਤੇ ਕਿਸ ਸਿਰੇ ਤੋਂ ਕਿਹੜਾ ਸ਼ਾਟ ਠੀਕ ਰਹੇਗਾ। ਇਸ ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਰਣਨੀਤੀ ਘੜਨੀ ਹੋਵੇਗੀ।’ ਕੈਰੇਬੀਅਨ ਮੁਲਕ ਵਿੱਚ ਹਾਲਾਤ ਦੀ ਗੱਲ ਕਰਦਿਆਂ ਹਰਮਨਪ੍ਰੀਤ ਨੇ ਕਿਹਾ, ‘ਇਥੇ ਬਿਲਕੁਲ ਵੱਖਰੇ ਤਰ੍ਹਾਂ ਦੇ ਹਾਲਾਤ ਹਨ। ਉਨ੍ਹਾਂ ਦੇ ਸਥਾਨਕ ਟੂਰਨਾਮੈਂਟ ਦੇ ਸਕੋਰ ਨੂੰ ਵੇਖਦਿਆਂ ਪਿੱਚ ਥੋੜੀ ਧੀਮੀ ਹੈ।’ ਉਸ ਨੇ ਕਿਹਾ, ‘ਸਾਡੇ ਸਾਰੇ ਮੈਚ ਦੁਪਹਿਰ ਨੂੰ ਹਨ, ਲਿਹਾਜ਼ਾ ਤਰੇਲ ਸਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਨਹੀਂ ਹੋਵੇਗੀ, ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਾਮ ਨੂੰ ਗੇਂਦ ’ਤੇ ਪਕੜ ਨੂੰ ਲੈ ਕੇ ਥੋੜ੍ਹੀ ਮੁਸ਼ਕਲ ਆ ਸਕਦੀ ਹੈ।’ ਪਿਛਲੇ ਸਾਲ ਆਈਸੀਸੀ ਵਿਸ਼ਵ ਕੱਪ ਵਿੱਚ ਇੰਗਲੈਂਡ ਖ਼ਿਲਾਫ਼ ਰੋਮਾਂਚਕ ਫ਼ਾਈਨਲ ਨੂੰ ਵੇਖਦਿਆਂ ਹਰਮਨਪ੍ਰੀਤ ਨੂੰ ਲਗਦਾ ਹੈ ਕਿ ਘਰੇਲੂ ਦਰਸ਼ਕਾਂ ਦੀਆਂ ਉਨ੍ਹਾਂ ਪ੍ਰਤੀ ਉਮੀਦਾਂ ਵਧ ਗਈਆਂ ਹੋਣਗੀਆਂ।

VIA PUNJAB