ਬ੍ਰਹਮ ਮਹਿੰਦਰਾ ਵੱਲੋਂ ਡੇਂਗੂ ਦੇ ਵੱਧ ਰਹੇ ਮਾਮਲਿਆਂ ਕਾਰਣ ਸਥਾਨਕ ਸਰਕਾਰ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਫਟਕਾਰ

ਜਨਤਾ ਅਤੇ ਮੀਡੀਆ ਇਸ ਤੱਥ ਤੋਂ ਬੇਖਬਰ ਹਨ ਕਿ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸਿਹਤ ਵਿਭਾਗ ਦਾ ਕੰਮ ਸ਼ੁਰੂ ਹੁੰਦਾ ਹੈ : ਸਿਹਤ ਮੰਤਰੀ
ਚੰਡੀਗੜ – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੂਬੇ ਵਿੱਚ ਡੇਂਗੂ ਦੇ ਵਧ ਰਹੇ ਮਾਮਲਿਆਂ ਅਤੇ ਇਸ ਨੂੰ ਕਾਬੂ ਕਰਨ ਲਈ ਜਿੰਮੇਵਾਰ ਵਿਭਾਗਾਂ ਵੱਲੋਂ ਸੁਚਾਰੂ ਕਾਰਗੁਜਾਰੀ ਨਾ ਕਰਨ ਲਈ ਫਟਕਾਰ ਲਗਾਈ ਗਈ ਕਿ ਸਿਹਤ ਵਿਭਾਗ ਦੇ ਸੁਚੇਤ ਕਰਨ ਦੇ ਬਾਵਜੂਦ ਵੀ ਸਬੰਧਤ ਵਿਭਾਗਾਂ ਵੱਲੋਂ ਸਮੇਂ ਉੱਤੇ ਮੱਛਰਾਂ ਨੂੰ ਕਾਬੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਣ ਹਰ ਸਾਲ ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਮੰਤਰੀ ਨੇ ਸਥਾਨਕ ਸਰਕਾਰ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਆਲੋਚਨਾ ਵੀ ਕੀਤੀ।ਸਿਹਤ ਮੰਤਰੀ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਡੇਂਗੂ ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਨਿਰਧਾਰਿਤ ਕੀਤੀ ਗਈ ਜਿੰਮੇਵਾਰੀ ਨੂੰ ਜ਼ਿਆਦਾਤਰ ਵਿਭਾਗਾਂ ਵੱਲੋਂ ਨਹੀਂ ਨਿਭਾਇਆ ਜਾ ਰਿਹਾ ਹੈ। ਉਨਾਂ ਸਟੇਟ ਟਾਸਕ ਫੋਰਸ ਦੀ ਮੀਟਿੰਗ ਵਿੱਚ ਭਾਈਵਾਲ ਵਿਭਾਗਾਂ ਦੇ ਅਫਸਰਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਹਰ ਸਾਲ ਮੀਡੀਆ ਤੇ ਆਮ ਲੋਕਾਂ ਵੱਲੋਂ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਤੇ ਸਿਹਤ ਵਿਭਾਗ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਦਕਿ ਨਾਂ ਹੀ ਮੀਡੀਆ ਅਤੇ ਨਾਂ ਹੀ ਲੋਕ ਇਸ ਤੱਥ ਤੋਂ ਜਾਣੂ ਹਨ ਕਿ ਸਿਹਤ ਵਿਭਾਗ ਦੀ ਜਿੰਮੇਵਾਰੀ ਡੇਂਗੂ ਤੋਂ ਪੀੜਤ ਮਰੀਜ਼ ਦੇ ਹਸਪਤਾਲ ਦਾਖਲ ਹੋਣ ਤੋਂ ਸ਼ੁਰੂ ਹੁੰਦੀ ਹੈ ਜਿਸ ਵਿੱਚ ਮਰੀਜ਼ ਨੂੰ ਸਿਹਤ ਸੇਵਾਵਾਂ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡੇਂਗੂ ਦੇ ਮਾਮਲਿਆਂ ਅਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਨੂੰ ਰੋਕਣ ਅਤੇ ਕਾਬੂ ਕਰਨ ਲਈ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਦੀ ਅਹਿਮ ਭੂਮਿਕਾ ਹੁੰਦੀ ਹੈ।ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਹ ਤੱਥ ਅੱਗੇ ਰੱਖ ਕੇ ਸਿਹਤ ਵਿਭਾਗ ਆਪਣੀਆਂ ਜਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਤੇ ਉਹ ਆਪਣੇ ਪ੍ਰਸ਼ਾਸਨਿਕ ਫਰਜ਼ਾਂ ਨੂੰ ਪੂਰੀ ਤਰਾਂ ਨਿਭਾ ਰਿਹਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਸੂਬੇ ਵਿੱਚ ਕਿਸੇ ਵੀ ਤਰਾਂ ਦੀ ਸਥਿਤੀ ਨੂੰ ਨਿਪਟਣ ਲਈ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ 33 ਲੈਬੋਰਟਰੀਆਂ ਵਿੱਚ 22000 ਸੈਂਪਲਾਂ ਦਾ ਮੁਫ਼ਤ ਡੇਂਗੂ ਟੈਸਟ ਕੀਤਾ ਗਿਆ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ਼ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਸਿਹਤ ਵਿਭਾਗ ਦੇ ਸਟਾਫ ਵੱਲੋਂ ਮੱਛਰਾਂ ਦੀ ਬ੍ਰੀਡਿੰਗ ਦਾ ਪਤਾ ਲਗਾਉਣ ਲਈ 15.5 ਲੱਖ ਘਰਾਂ ਦਾ ਦੌਰਾ ਕੀਤਾ ਗਿਆ ਅਤੇ ਜਿਸ ਵਿਚੋਂ 37000 ਪ੍ਰਭਾਵਿਤ ਘਰ ਜਿਨਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਪਾਈ ਗਈ ਦੀ ਜਾਣਕਾਰੀ ਸਥਾਨਕ ਸਰਕਾਰ ਵਿਭਾਗ ਨੂੰ ਸਪਰੇਅ ਤੇ ਫੋਗਿੰਗ ਕਰਨ ਲਈ ਦਿੱਤੀ ਗਈ ਤਾਂ ਜੋ ਇਹ ਵਿਭਾਗ ਸਮੇਂ ਅਨੁਸਾਰ ਹੋਰ ਲੋੜੀਂਦੀ ਕਾਰਵਾਈ ਵੀ ਕਰ ਸਕੇ।ਉਨਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਫੋਗਿੰਗ ਕਰਨ ਦੀ ਪੂਰੀ ਜਿੰਮੇਵਾਰੀ ਸਥਾਨਕ ਸਰਕਾਰ ਵਿਭਾਗ ਦੀ ਹੈ ਅਤੇ ਇਸੇ ਤਰਾਂ ਹੀ ਪੇਂਡੂ ਇਲਾਕਿਆਂ ਵਿੱਚ ਫੋਗਿੰਗ ਕਰਨ ਦੀ ਜਿੰਮੇਵਾਰੀ ਪੇਂਡੂ ਵਿਕਾਸ ਵਿਭਾਗ ਦੀ ਹੈ। ਉਨਾਂ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਹਰ ਸਾਲ ਭਾਈਵਾਲ ਵਿਭਾਗਾਂ ਨੂੰ ਅਰਧ-ਸਰਕਾਰੀ ਪੱਤਰ ਭੇਜਣ ਦੇ ਬਾਵਜੂਦ ਵੀ ਸਬੰਧਤ ਵਿਭਾਗਾਂ ਵੱਲੋਂ ਕੋਈ ਵੀ ਰਿਪੋਰਟ ਉਨਾਂ ਨਾਲ ਸਾਂਝੀ ਨਹੀਂ ਕੀਤੀ ਗਈ। ਇਸ ਸਬੰਧ ਵਿੱਚ ਉਨਾਂ ਵੱਲੋਂ ਸਥਾਨਕ ਸਰਕਾਰ ਅਤੇ ਪੇਂਡੂ ਵਿਕਾਸ ਵਿਭਾਗ ਦਾ ਨਾਂ ਵਿਸ਼ੇਸ਼ ਤੌਰ ਤੇ ਲਿਆ ਗਿਆ।ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਤੇ ਕਾਬੂ ਕਰਨ ਦੇ ਲਈ ਸਟੇਟ ਪੱਧਰ ਦੀ ਟਾਸਕ ਫੋਰਸ ਗਠਿਤ ਕੀਤੀ ਗਈ ਜਿਸ ਅਧੀਨ ਸਥਾਨਕ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤਾਂ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਟਰਾਂਸਪੋਰਟ, ਪਸ਼ੂ ਪਾਲਣ, ਮੈਡੀਕਲ ਸਿੱÎਖਿਆ ਤੇ ਖੋਜ, ਸਿੱਖਿਆ, ਕਿਰਤ ਅਤੇ ਇੰਡੀਅਨ ਮੈਡੀਕਲ ਐਜੂਕੇਸ਼ਨ ਦੀ ਜਿੰਮੇਵਾਰੀ ਹੈ ਕਿ ਉਹ ਡੇਂਗੂ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਸੁਚਾਰੂ ਢੰਗ ਨਾਲ ਜਾਂਚ ਕਰਨ ਤਾਂ ਜੋ ਸਮੇਂ ਤੇ ਹੀ ਹੋਣ ਵਾਲੇ ਨੁਕਸਾਨ ਨੂੰ ਕਾਬੂ ਕੀਤਾ ਜਾ ਸਕੇ।ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸ੍ਰੀ ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ੍ਰੀ ਸਤੀਸ਼ ਚੰਦਰਾ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਸ੍ਰੀ ਅਮਿਤ ਕੁਮਾਰ ਮਿਸ਼ਨ ਡਾਇਰੈਕਟਰ ਐਨ.ਐਚ.ਐਮ, ਸ੍ਰੀ ਮਨਵੀਸ਼ ਸਿੰਘ ਸਿੱਧੂ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ, ਸ੍ਰੀ ਕਰਨੇਸ਼ ਸ਼ਰਮਾ, ਡਾਇਰੈਕਟਰ ਸਥਾਨਕ ਸਰਕਾਰ, ਸ੍ਰੀ ਜਸਕਰਨ ਸਿੰਘ ਡਾਇਰੈਕਟਰ ਪੇਂਡੂ ਵਿਕਾਸ, ਡਾ. ਅਵਨੀਸ਼ ਕੁਮਾਰ ਡਾਇਰੈਕਟਰ ਮੈਡੀਕਲ ਸਿੱਖਿਆ, ਡਾ. ਜਸਪਾਲ ਕੌਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਜਗਪਾਲ ਸਿੰਘ ਬੱਸੀ ਡਾਇਰੈਕਟਰ ਈ.ਐਸ.ਆਈ. ਤੇ ਡਾ. ਜਤਿੰਦਰ ਕਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

VIA PUNJAB