ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਛੁੱਟੀ ਕਰਾਉਣਾ ਚਾਹੁੰਦੀ ਹੈ ਮੇਲਾਨੀਆ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਇਕ ਉੱਚ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੂੰ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਕਤੂਬਰ ‘ਚ ਅਫਰੀਕਾ ਦੇ ਦੌਰੇ ਦੌਰਾਨ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਅਤੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੀਰਾ ਰਿਕਾਰਡੇਲ ਵਿਚਾਲੇ ਖਿੱਚਤੁਣ ਹੋ ਗਈ ਸੀ। ਉਨ੍ਹਾਂ ਦੀ ਬੁਲਾਰੀ ਨੇ ਕਿਹਾ ਕਿ ਫਸਟ ਲੇਡੀ ਦੇ ਦਫਤਰ ਨੇ ਆਖਿਆ ਕਿ ਇਸ ਵ੍ਹਾਈਟ ਹਾਊਸ ‘ਚ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ। ਅਜੇ ਵ੍ਹਾਈਟ ਹਾਊਸ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਟਰੰਪ ਵ੍ਹਾਈਟ ਹਾਊਸ ਦੇ ਵੈਸਟ ਕਿੰਗ ‘ਚ ਕੁਝ ਵੱਡੇ ਬਦਲਾਅ ਕਰਨ ਬਾਰੇ ‘ਚ ਸੋਚ ਰਹੇ ਹਨ। ਜ਼ਿਕਰਯੋਗ ਹੈ ਕਿ ਉਹ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਜਾਨ ਕੇਲੀ ਜਾਂ ਹੋਮਲੈਂਡ ਸਕਿਊਰਿਟੀ ਵਿਭਾਗ ਦੇ ਮੁਖੀ ਕਸਰਟਜੇਨ ਨੀਲਸਨ ਨੂੰ ਹਟਾ ਸਕਦੇ ਹਨ। ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ ‘ਤੇ ਮੀਰਾ ਰਿਕਾਰਡੇਲ ਪਿਛਲੇ 7 ਮਹੀਨਿਆਂ ਤੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨ ਬੋਲਟਨ ਦੀ ਅਗਵਾਈ ਵਾਲੀ ਸ਼ਕਤੀਸ਼ਾਲੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਹਿੱਸਾ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੇਲਾਨੀਆ ਅਤੇ ਮੀਰਾ ਵਿਚਾਲੇ ਅਫਰੀਕੀ ਯਾਤਰਾ ਦੌਰਾਨ ਜਹਾਜ਼ ‘ਚ ਸੀਟ ‘ਤੇ ਬੈਠਣ ਨੂੰ ਲੈ ਕੇ ਕੋਈ ਗੱਲ ਹੋ ਗਈ ਸੀ। ਇਸ ਯਾਤਰਾ ਦੌਰਾਨ ਇਕ ਅਮਰੀਕੀ ਚੈਨਲ ਨੂੰ ਦਿੱਤੇ ਬਿਆਨ ‘ਚ ਮੇਲਾਨੀਆ ਨੇ ਆਖਿਆ ਸੀ ਕਿ ਵ੍ਹਾਈਟ ਹਾਊਸ ‘ਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ‘ਤੇ ਉਹ ਭਰੋਸਾ ਨਹੀਂ ਕਰਦੀ। ਮੇਲਾਨੀਆ ਨੇ ਆਖਿਆ ਸੀ ਕਿ ਮੈਂ ਰਾਸ਼ਟਰਪਤੀ ਨੂੰ ਪੂਰੀ ਈਮਾਨਦਾਰੀ ਨਾਲ ਆਪਣੀ ਸਲਾਹ ਦਿੰਦੀ ਹਾਂ ਅਤੇ ਫਿਰ ਉਹ ਫੈਸਲਾ ਕਰਦੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਮੰਗਲਵਾਰ ਨੂੰ ਇਕ ਰਿਪੋਰਟ ‘ਚ ਇਕ ਹੋਰ ਅਖਬਾਰ ਨੇ ਕਿਹਾ ਸੀ ਕਿ ਮੇਲਾਨੀਆ ਟਰੰਪ ਦੀ ਟੀਮ ਨੂੰ ਲੱਗਦਾ ਹੈ ਕਿ ਫਸਟ ਲੇਡੀ ਅਤੇ ਵ੍ਹਾਈਟ ਹਾਊਸ ਦੇ ਬਾਰੇ ‘ਚ ਆਈਆਂ ਕੁਝ ਨਕਾਰਾਤਮਕ ਰਿਪੋਰਟਾਂ ਦੇ ਪਿੱਛੇ ਮੀਰਾ ਰਿਕਾਰਡੇਲ ਹੀ ਹੈ। ਅਖਬਾਰ ਨੇ ਆਪਣੀ ਰਿਪੋਰਟ ‘ਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਵੀ ਰੱਖਿਆ ਨੀਤੀਆਂ ਨੂੰ ਲੈ ਕੇ ਝੱੜਪਾਂ ਹੁੰਦੀਆਂ ਰਹੀਆਂ ਹਨ। ਉਥੇ ਮੇਲਾਨੀਆ ਟਰੰਪ ਵੱਲੋਂ ਜਾਰੀ ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਤੇ ਜਾਨ ਕੇਲੀ ਵਿਚਾਲੇ ਰਿਸ਼ਤੇ ਆਮ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਚੀਫ ਕੇਲੀ ਅਤੇ ਫਸਟ ਲੇਡੀ ਟਰੰਪ ਵਿਚਾਲੇ ਰਿਸ਼ਤੇ ਬਹੁਤ ਸਕਾਰਾਤਮਕ ਹਨ ਅਤੇ ਦੋਹਾਂ ਵਿਚਾਲੇ ਕਦੇ ਕੋਈ ਵਿਵਾਦ ਨਹੀਂ ਹੋਇਆ ਹੈ। ਇਸ ਵਿਚਾਲੇ ਰਾਸ਼ਟਰਪਤੀ ਟਰੰਪ ਨੇ ਕੁਝ ਤਸਵੀਰਾਂ ਟਵੀਟ ਕੀਤੀਆਂ ਹਨ ਜਿਨ੍ਹਾਂ ‘ਚ ਉਹ ਵ੍ਹਾਈਟ ਹਾਊਸ ‘ਚ ਦੀਵਾਲੀ ਮਨਾਉਂਦੇ ਦਿਖ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਮੀਰਾ ਰਿਕਾਰਡੇਲ ਵੀ ਹੈ। ਰਿਕਾਰਡੇਲ ਇਸ ਤੋਂ ਪਹਿਲਾਂ ਵਣਜ ਵਿਭਾਗ ‘ਚ ਸੀ ਅਤੇ ਉਨ੍ਹਾਂ ਕੋਲ ਅਮਰੀਕੀ ਸਰਕਾਰਾਂ ‘ਚ ਕੰਮ ਕਰਨ ਦਾ ਦਹਾਕਿਆਂ ਦਾ ਅਨੁਭਵ ਹੈ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ‘ਚ ਰੱਖਿਆ ਵਿਭਾਗ ‘ਚ ਕੰਮ ਕਰ ਚੁੱਕੀ ਹੈ।

VIA PUNJAB