ਅੰਮ੍ਰਿਤਸਰ ਗ੍ਰਨੇਡ ਹਮਲੇ ਦੇ ਦੋ ਸ਼ੱਕੀ ਗ੍ਰਿਫ਼ਤਾਰ-ਇੱਕ ਦੀ ਪਹਿਚਾਣ

ਚੰਡੀਗੜ – ਪੰਜਾਬ ਪੁਲੀਸ ਨੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੇ 72 ਘੰਟਿਆਂ ਤੋਂ ਘੱਟ ਸਮੇਂ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਇਸ ਹਮਲੇ ਦੀ ਤਾਰ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਜੁੜੇ ਹੋਣ ਦਾ ਪ੍ਰਗਟਾਵਾ ਹੋਇਆ ਹੈ। ਫੜੇ ਗਏ ਸ਼ੱਕੀਆਂ ਵਿੱਚ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਸ਼ਾਮਿਲ ਹਨ। ਇਸ ਹਮਲੇ ਵਿੱਚ ਤਿੰਨ ਵਿਅਕਤੀ ਦੀ ਮੌਤ ਜਦਕਿ 15 ਹੋਰ ਜ਼ਖਮੀ ਹੋ ਗਏ ਸਨ। ਅੱਜ ਇੱਥੇ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਸ਼ੱਕੀ ਬਿਕਰਮਜੀਤ ਸਿੰਘ ਉਰਫ ਬਿਕਰਮ (26 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ (ਥਾਣਾ ਰਾਜਾਸਾਂਸੀ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਵੱਲੋਂ ਕਾਰਜਸ਼ੀਲ ਬਿਕਰਮ ਵੱਲੋਂ ਦਿੱਤੀ ਮਹੱਤਵਪੂਰਨ ਸੂਚਨਾ ਮੁਤਾਬਕ ਹਮਲਾਵਰਾਂ ਨੂੰ ਇਹ ਗ੍ਰਨੇਡ ਪਾਕਿਸਤਾਨ ’ਚ ਇਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਮੁਹੱਈਆ ਕਰਵਾਇਆ ਗਿਆ। ਹੈਪੀ, ਪਾਕਿਸਤਾਨ ਅਧਾਰਿਤ ਕੈ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ. ਹੋਣ ਦਾ ਅੰਦੇਸ਼ਾ ਹੈ ਜੋ ਪਕਿਸਤਾਨੀ ਨਿਜ਼ਾਮ ਅਤੇ ਆਈ.ਐਸ.ਆਈ. ਦੀ ਸਰਗਰਮ ਭਾਈਵਾਲੀ ਨਾਲ ਸਾਲ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰ.ਐਸ.ਐਸ./ਸ਼ਿਵ ਸੈਨਾ/ਡੀ.ਐਸ.ਐਸ. ਲੀਡਰਾਂ ਤੇ ਵਰਕਰਾਂ (ਅਤੇ ਇਕ ਈਸਾਈ ਪਾਦਰੀ) ਦਾ ਮਿੱਥ ਕੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੇ ਮਨਸੂਬੇ ਘੜਨ ਵਾਲਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਆਈ. ਅਤੇ ਪਾਕਿਸਤਾਨ ਦੇ ਸਥਾਪਤ ਨਿਜ਼ਾਮ ਵੱਲੋਂ ਪੰਜਾਬੀ ਤੇ ਕਸ਼ਮੀਰੀ ਅੱਤਵਾਦੀ ਗਰੁੱਪਾਂ ਨਾਲ ਕੜੀ ਜੋੜਣਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਅਤੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਨਾਲ ਬਿਕਰਮ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮ੍ਰਿਤਸਰ ਵਜੋਂ ਕੀਤੀ ਹੈ, ਜਿਸ ਨੂੰ ਸ਼ਾਮੀ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਆਪਣੀ ਗ੍ਰਿਫਤਾਰੀ ਸਮੇਂ ਬਿਕਰਮ ਇਕ ਮੋਟਰਬਾਈਕ (ਟੀ.ਵੀ.ਐਸ-ਪੀ.ਬੀ-18 ਐਮ 7032) ਚਲਾ ਰਿਹਾ ਸੀ। ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ (ਪੀ.ਬੀ.02-ਬੀ.ਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ। ਬਿਕਰਮ ਜੀਤ ਸਿੰਘ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਨੇ ਉਸ ਨੂੰ 3 ਨਵੰਬਰ ਨੂੰ ਦੇਰ ਰਾਤ ਫੋਨ ਕੀਤਾ ਅਤੇ ਅਗਲੀ ਸਵੇਰ ਇਕ ਕਾਰਜ ਲਈ ਤਿਆਰ ਰਹਿਣ ਲਈ ਆਖਿਆ। ਉਸ ਦਿਨ ਸਵੇਰੇ 4.30 ਵਜੇ ਅਵਤਾਰ, ਬਿਕਰਮ ਦੇ ਘਰ ਪਹੁੰਚ ਗਿਆ ਅਤੇ ਦੋਵੇਂ ਬਿਕਰਮ ਦੇ ਬਜਾਜ ਪਲਸਰ ਮੋਟਰਸਾਈਕਲ ’ਤੇ ਬੈਠ ਕੇ ਮਜੀਠਾ-ਹਰੀਆਂ ਲਿੰਕ ਸੜਕ ’ਤੇ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਕ ਬਗੀਚੇ ਵਿੱਚ ਹੈਂਡ ਗ੍ਰਨੇਡ ਪ੍ਰਾਪਤ ਕੀਤਾ। ਜੋ ਇਕ ਟਾਹਲੀ ਦੇ ਦਰਖਤ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ। ਬਿਕਰਮ ਵੱਲੋਂ ਪੁਛੇ ਗਏ ਮੁੱਢਲੇ ਸਵਾਲਾਂ ਦੇ ਅਨੁਸਾਰ 13 ਨਵੰਬਰ ਦੀ ਸਵੇਰ ਨੂੰ ਉਨ੍ਹਾਂ ਨੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ, ਬਿਕਰਮ ਜੀਤ ਸਿੰਘ ਨੇ ਅੱਗੇ ਦੱਸਿਆ ਕਿ 16 ਨਵੰਬਰ ਨੂੰ ਕੀਤੇ ਗਏ ਫੈਸਲੇ ਦੇ ਅਨੁਸਾਰ ਬਿਕਰਮ ਪਿੰਡ ਚੱਕ ਮਿਸ਼ਰੀਖਾਨ ਵਿਖੇ ਅਵਤਾਰ ਸਿੰਘ ਦੇ ਘਰ ਕਾਲੇ ਬਜਾਜ ਪਲਸਰ ਮੋਟਰਸਾਈਕਲ ’ਤੇ ਸਵੇਰੇ ਤਕਰੀਬਨ 9 ਵਜੇ ਪਹੁੰਚਿਆ ਜਿੱਥੇ ਉਨ੍ਹਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿਤੀ। ਉਹ ਤਕਰੀਬਨ ਸਵੇਰੇ 9.30 ਵਜੇ ਪਿੰਡ ਅਦਲੀਵਾਲ ਵੱਲ ਤੁਰੇ ਅਤੇ ਪਿੰਡ ਮਾਨਾਵਾਲਾ ਦੇ ਨੇੜੇ ਜਾ ਕੇ ਆਪਣੇ ਮੂੰਹ ਢਕ ਲਏ। ਗ੍ਰਨੇਡ ਸੁਟੱਣ ਤੋਂ ਬਾਅਦ ਦੋਵੇਂ ਬਿਕਰਮ ਦੀ ਮੋਟਰਬਾਈਕ ’ਤੇ ਫਰਾਰ ਹੋ ਗਏ ਅਤੇ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਤਕਰੀਬਨ 12 ਵਜੇ ਪਹੁੰਚੇ ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਵਾਪਸ ਲੈ ਲਿਆ। ਬਿਕਰਮਜੀਤ ਸਿੰਘ ਅਨੁਸਾਰ ਅਵਤਾਰ ਸਿੰਘ ਪਾਕਿਸਤਾਨ ਵਿੱਚ ਇਕ ਹੈਪੀ ਨਾਂ ਦੇ ਵਿਅਕਤੀ ਨਾਲ ਸੰਪਰਕ ਵਿੱਚ ਸੀ। ਹਰਮੀਤ ਸਿੰਘ ਹੈਪੀ ਪੀਐਚ.ਡੀ ਨੇ ਪਹਿਲਾਂ ਵੀ ਖਾਲਿਸਤਾਨ ਗਦਰ ਫੋਰਸ (ਕੇ.ਜੀ.ਐਫ) ਦੇ ਆਪੇ ਬਣੇ ਮੁਖੀ ਸ਼ਬਨਮਦੀਪ ਸਿੰਘ ਵਾਸੀ ਸਮਾਣਾ, ਜ਼ਿਲ੍ਹਾ ਪਟਿਆਲਾ ਨੂੰ ਇਸੇ ਤਰ੍ਹਾਂ ਦਾ ਹੀ ਇੱਕ ਹੈਂਡ ਗ੍ਰਨੇਡ (ਐਚ.ਜੀ.84) ਸਪਲਾਈ ਕੀਤੀ ਸੀ। ਸ਼ਬਨਮਦੀਪ ਸਿੰਘ ਨੂੰ 31 ਅਕਤੂਬਰ, 2018 ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਐਤਵਾਰ ਦੇ ਹਮਲੇ ਦੇ ਸਬੰਧ ਵਿੱਚ ਐਫ.ਆਈ.ਆਰ ਨੰਬਰ 121, ਮਿਤੀ 18.11.2018 ਜੇਰੇ ਦਫਾ 302, 307, 341, 452, 427 ਆਈ.ਪੀ.ਸੀ, 25 ਆਰਮਡ ਐਕਟ –3/4/5/6 ਐਕਸਪਲੋਸਿਵ ਸਬਸਟਾਂਸ ਐਕਟ 13 ਯੂ.ਏ.ਪੀ.ਏ ਪੁਲਿਸ ਥਾਣਾ ਰਾਜਾ ਸਾਂਸੀ ਵਿਖੇ ਦਰਜ਼ ਕੀਤੀ ਗਈ ਹੈ। ਇਸ ਸਬੰਧੀ ਅੱਗੇ ਹੋਰ ਪੜਤਾਲ ਜਾਰੀ ਹੈ।

VIA PUNJAB