ਕੈਨੇਡਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਡਰਾਅ

ਭੁਬਨੇਸ਼ਵਰ – ਕੈਨੇਡਾ ਅਤੇ ਦੱਖਣੀ ਅਫਰੀਕਾ ਨੇ ਅੱਜ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਸੀ’ ਦਾ ਦੂਜਾ ਮੈਚ ਡਰਾਅ ਖੇਡ ਕੇ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਵਿਸ਼ਵ ਰੈਂਕਿੰਗਜ਼ ਵਿੱਚ 11ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਨੂੰ 15ਵੀਂ ਰੈਂਕਿੰਗ ਦੀ ਦੱਖਣੀ ਅਫਰੀਕਾ ਨੇ ਸਖ਼ਤ ਟੱਕਰ ਦਿੱਤੀ। ਦੋਵੇਂ ਟੀਮਾਂ ਪਹਿਲੇ ਦੋ ਕੁਆਰਟਰ ਵਿੱਚ ਗੋਲ ਕਰਨ ਵਿੱਚ ਅਸਫਲ ਰਹੀਆਂ। ਐਨਕੋਬਿਲੇ ਐਨਟੁਲੀ ਦੇ ਸ਼ਾਨਦਾਰ ਰੀਵਰਸ ਸਟਿੱਕ ਤੋਂ ਕੀਤੇ ਗਏ ਗੋਲ ਨਾਲ ਦੱਖਣੀ ਅਫਰੀਕਾ ਨੇ ਮੈਚ ਦੇ 43ਵੇਂ ਮਿੰਟ ਵਿੱਚ ਗੋਲ ਨਾਲ ਖ਼ਾਤਾ ਖੋਲ੍ਹਿਆ। ਟੀਮ ਹਾਲਾਂਕਿ ਜ਼ਿਆਦਾ ਦੇਰ ਤੱਕ ਇਸ ਗੋਲ ਦਾ ਜਸ਼ਨ ਨਹੀਂ ਮਨਾ ਸਕੀ ਅਤੇ ਦੋ ਮਿੰਟ ਮਗਰੋਂ ਹੀ ਕੈਨੇਡਾ ਦੇ ਕਪਤਾਨ ਸਕਾਟ ਟੱਪਰ ਨੇ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਦੋਵੇਂ ਟੀਮਾਂ ਗੋਲ ਕਰਨ ਦੇ ਮੌਕੇ ਲੱਭਦੀਆਂ ਰਹੀਆਂ, ਪਰ ਦੋਵੇਂ ਵਿਰੋਧੀ ਟੀਮਾਂ ਦੇ ਇੱਕ-ਦੂਜੇ ਦੇ ਡਿਫੈਂਸ ਵਿੱਚ ਸੰਨ੍ਹ ਨਹੀਂ ਲਾ ਸਕੀਆਂ।

VIA PUNJAB