ਅਫਗਾਨਿਸਤਾਨ ‘ਚ ਮਾਰੇ ਗਏ 12 ਸਿੱਖਾਂ ਦੀਆਂ ਅਸਥੀਆਂ ਦਿੱਲੀ ਪਹੁੰਚੀਆਂ

• ਸੁਖਬੀਰ ਬਾਦਲ, ਭਾਈ ਲੌਂਗੋਵਾਲ ਤੇ ਜੀ.ਕੇ. ਪਹੁੰਚੇ ਦਿੱਲੀ ਹਵਾਈ ਅੱਡੇ ‘ਤੇ
• ਸ਼੍ਰੋਮਣੀ ਕਮੇਟੀ ਮ੍ਰਿਤਕ ਸਿੱਖਾਂ ਦੇ ਵਾਰਸਾਂ ਨੂੰ 1-1 ਲੱਖ ਤੇ ਜ਼ਖ਼ਮੀਆਂ ਨੂੰ ਦੇਵੇਗੀ 50-50 ਹਜ਼ਾਰ ਦੀ ਸਹਾਇਤਾ

ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ
ਨਵੀਂ ਦਿੱਲੀ, 19 ਜੁਲਾਈ
ਪਿਛਲੇ ਦਿਨੀਂ ਅਫਗਾਨਿਸਤਾਨ ਵਿਚ ਇਕ ਆਤਮਘਾਤੀ ਹਮਲੇ ਵਿਚ ਮਾਰੇ ਗਏ 12 ਸਿੱਖਾਂ ਅਤੇ ਇਕ ਹਿੰਦੂ ਦੀਆਂ ਅਸਥੀਆਂ ਧਾਰਮਿਕ ਸੰਸਕਾਰਾਂ ਮੁਤਾਬਕ ਜਲ ਪ੍ਰਵਾਹ ਕਰਨ ਲਈ ਅੱਜ ਭਾਰਤ ਪਹੁੰਚੀਆਂ ਹਨ। ਇਸ ਦੇ ਨਾਲ ਹਮਲੇ ਦੇ 6 ਗੰਭੀਰ ਜ਼ਖ਼ਮੀਆਂ ਨੂੰ ਵੀ ਇਲਾਜ ਲਈ ਭਾਰਤ ਲਿਆਂਦਾ ਗਿਆ ਹੈ।
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਅਫਗਾਨਿਸਤਾਨ ਤੋਂ ਮ੍ਰਿਤਕ ਸਿੱਖਾਂ ਤੇ ਹਿੰਦੂਆਂ ਦੀਆਂ ਅਸਥੀਆਂ ਪਹੁੰਚਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌੰਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪਹੁੰਚੇ ਹੋਏ ਸਨ। ਇਸ ਮੌਕੇ ਗਮਗੀਨ ਮਾਹੌਲ ਦੌਰਾਨ ਅਫਗਾਨਿਸਤਾਨ ਤੋਂ ਮ੍ਰਿਤਕਾਂ ਦੀਆਂ ਅਸਥੀਆਂ ਨਾਲ ਪਹੁੰਚੇ ਉਨ੍ਹਾਂ ਦੇ ਸਕੇ-ਸਬੰਧੀਆਂ ਅਤੇ ਗੰਭੀਰ ਜ਼ਖ਼ਮੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌੰਗੋਵਾਲ ਨੇ ਧਰਵਾਸ ਦਿੰਦਿਆਂ ਆਖਿਆ ਕਿ ਅਫਗਾਨਿਸਤਾਨ ਦੇ ਸਿੱਖਾਂ ਨਾਲ ਬਿਪਤਾ ਦੀ ਘੜੀ ਸਾਰੀ ਸਿੱਖ ਕੌਮ ਖੜੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ‘ਵਾਇਆ ਪੰਜਾਬ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਫਗਾਨਿਸਤਾਨ ਵਿਚ ਆਤਮਘਾਤੀ ਹਮਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਇਕ-ਇਕ ਲੱਖ ਰੁਪਏ ਸਹਾਇਤਾ, ਮ੍ਰਿਤਕ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮ੍ਰਿਤਕ ਸਿੱਖਾਂ ਦੀਆਂ ਅਸਥੀਆਂ ਨੂੰ ਸਿੱਖ ਸੰਸਕਾਰਾਂ ਮੁਤਾਬਕ ਜਲ ਪ੍ਰਵਾਹ ਕਰਨ ਵਿਚ ਵੀ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਰਾਣਾ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਦਰਸ਼ਨ ਸਿੰਘ ਲੌਂਗੋਵਾਲ ਨਿੱਜੀ ਸਹਾਇਕ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਲੰਘੀ 1 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿਖੇ ਅੱਤਵਾਦੀਆਂ ਵਲੋਂ ਸਿੱਖਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ‘ਚ 12 ਸਿੱਖਾਂ ਅਤੇ ਹਿੰਦੂਆਂ ਸਮੇਤ ਕੁੱਲ 20 ਲੋਕਾਂ ਦੀ ਮੌਤ ਹੋ ਗਈ ਸੀ| ਮਾਰੇ ਗਏ ਸਿੱਖ ਭਾਈਚਾਰੇ ਦੇ ਲੋਕਾਂ ‘ਚ ਸਥਾਨਕ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਵੀ ਸ਼ਾਮਲ ਸਨ, ਜੋ ਕਿ ਅਫ਼ਗਾਨਿਸਤਾਨ ‘ਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਸਨ | ਸਿੱਖ ਆਗੂ ਅਵਤਾਰ ਸਿੰਘ ਖਾਲਸਾ ਅਕਤੂਬਰ ‘ਚ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਸਨ। ਇਹ ਆਤਮਘਾਤੀ ਹਮਲਾ ਉਸ ਵੇਲੇ ਕੀਤਾ ਗਿਆ ਸੀ ਜਦੋਂ ਅਫਗਾਨਿਸਤਾਨ ਦੇ ਸਿੱਖ ਆਗੂਆਂ ਦਾ ਵਫਦ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮੁਲਾਕਾਤ ਕਰਨ ਜਾ ਰਿਹਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਨੇ ਲਈ ਸੀ।

VIA PUNJAB