Skip to content
ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ
ਪਟਿਆਲਾ, 20 ਜੁਲਾਈ
ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਬਾਅਦ ਦੁਪਹਿਰ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਰਾਜੋਆਣਾ ਨੇ ਆਪਣੀ ਫਾਂਸੀ ਦੀ ਸਜ਼ਾ ਬਾਰੇ ਰਾਸ਼ਟਰਪਤੀ ਵਲੋਂ ਕੋਈ ਫੈਸਲਾ ਨਾ ਲਏ ਜਾਣ ਦੇ ਖ਼ਿਲਾਫ਼ 16 ਜੁਲਾਈ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਅੱਜ ਸਵੇਰੇ ਭਾਈ ਰਾਜੋਆਣਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਟਿਆਲਾ ਜੇਲ੍ਹ ਵਿਚ ਜਾ ਕੇ ਮਿਲੇ ਸਨ। ਉਨ੍ਹਾਂ ਦੀ ਅਪੀਲ ਤੋਂ ਬਾਅਦ ਰਾਜੋਆਣਾ ਨੇ ਭੁੱਖ ਹੜਤਾਲ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। ਭਾਈ ਰਾਜੋਆਣਾ ਵਲੋਂ ਭੁੱਖ ਹੜਤਾਲ ਸਮਾਪਤ ਕਰਨ ਵੇਲੇ ਉਨ੍ਹਾਂ ਦੀ ਧਰਮ ਭੈਣ ਕਮਲਦੀਪ ਕੌਰ ਵੀ ਪਹੁੰਚੀ ਹੋਈ ਸੀ।
ਭਾਈ ਰਾਜੋਆਣਾ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ‘ਚ ਚੰਡੀਗੜ੍ਹ ਸਥਿਤ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ 1 ਅਗਸਤ 2007 ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਸੀ। ਰਾਜੋਆਣਾ ਨੇ ਭਾਰਤੀ ਨਿਆਂਪ੍ਰਣਾਲੀ ‘ਤੇ ਬੇਭਰੋਸਗੀ ਜਤਾਉਂਦਿਆਂ ਸਜ਼ਾ ਦੇ ਖ਼ਿਲਾਫ਼ ਕੋਈ ਵੀ ਦਲੀਲ-ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰਭਾਈ ਰਾਜੋਆਣਾ ਨੂੰ ਫਾਂਸੀ ਦੀ ਤਰੀਕ 31 ਮਾਰਚ 2012 ਮੁਕਰਰ ਕਰਨ ਤੋਂ ਬਾਅਦ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਭੜਕ ਗਈਆਂ ਸਨ। ਸ਼੍ਰੋਮਣੀ ਕਮੇਟੀ ਨੇ ਸਿੱਖ ਭਾਵਨਾਵਾਂ ਤੇ ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਰਾਜੋਆਣਾ ਸੀ ਫ਼ਾਂਸੀ ਦੀ ਸਜ਼ਾ ਮਾਫ਼ੀ ਲਈ 25 ਮਾਰਚ 2012 ਨੂੰ ਰਾਸ਼ਟਰਪਤੀ ਨੂੰ ਅਪੀਲ ਪਾਈ ਸੀ। ਬੇਸ਼ੱਕ ਕੇਂਦਰੀ ਗ੍ਰਹਿ ਮੰਤਰਾਲੇ ਨੇ 28 ਮਾਰਚ 2012 ਨੂੰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਫਿਲਹਾਲ ਟਾਲ ਦਿੱਤੀ ਸੀ ਪਰ ਛੇ ਸਾਲ ਬਾਅਦ ਵੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਸ਼੍ਰੋਮਣੀ ਕਮੇਟੀ ਦੀ ਅਪੀਲ ‘ਤੇ ਰਾਸ਼ਟਰਪਤੀ ਵਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ। ਜਦੋਂਕਿ ਰਾਜੋਆਣਾ ਵਾਰ-ਵਾਰ ਆਪਣੇ ਲਈ ਰਹਿਮ ਤੋਂ ਨਾਂਹ ਕਰਦਿਆਂ ਫਾਂਸੀ ਲਗਾਉਣ ਦੀ ਮੰਗ ਕਰ ਰਹੇ ਹਨ।ਉਨ੍ਹਾਂ ਭੁੱਖ ਹੜਤਾਲ ਵੀ ਇਸੇ ਮੰਗ ਨੂੰ ਲੈ ਕੇ ਰੱਖੀ ਸੀ ਕਿ ਉਨ੍ਹਾਂ ਦੀ ਸਜ਼ਾ ਬਾਰੇ ਅਨਿਸ਼ਚਤਾ ਖ਼ਤਮ ਕੀਤੀ ਜਾਵੇ। ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ ਕਾਰਨ ਭਾਈ ਰਾਜੋਆਣਾ ਦੀ ਸਿਹਤ ਵੀ ਵਿਗੜਣੀ ਸ਼ੁਰੂ ਹੋ ਗਈ ਸੀ। ਦੇਰ ਸ਼ਾਮੀਂ ਭਾਈ ਰਾਜੋਆਣਾ ਨੇ ਸਵੇਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨਾਲ ਕੀਤੇ ਵਾਅਦੇ ਮੁਤਾਬਕ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਇਸ ਦੀ ਪੁਸ਼ਟੀ ਉਨ੍ਹਾਂ ਦੀ ਧਰਮ ਭੈਣ ਬੀਬੀ ਕਮਲਦੀਪ ਕੌਰ ਨੇ ਕੀਤੀ ਹੈ।