ਅਗਵਾਈ ਦੀ ਘਾਟ ਕਾਰਨ ਕਾਂਗਰਸ ਨੂੰ ਨੁਕਸਾਨ: ਥਰੂਰ

ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਅਗਵਾਈ ਨੂੰ ਲੈ ਕੇ ‘ਸਪੱਸ਼ਟਤਾ ਦੀ ਕਮੀ’ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸੁਧਾਰ ਦਾ ਰਾਹ ਇਹੀ ਹੋ ਸਕਦਾ ਹੈ ਕਿ ਵਰਕਿੰਗ ਕਮੇਟੀ ਸਹਿਤ ਪਾਰਟੀ ਵਿਚ ਸਾਰੇ ਅਹਿਮ ਅਹੁਦਿਆਂ ਲਈ ਚੋਣ ਹੋਵੇ, ਜਿਸ ਨਾਲ ਇਨ੍ਹਾਂ ਵਿਚੋਂ ਚੁਣੇ ਜਾਣ ਵਾਲੇ ਆਗੂਆਂ ਨੂੰ ਮਾਨਤਾ ਹਾਸਲ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਨਜ਼ਰੀਏ ਦਾ ਵੀ ਸਮਰਥਨ ਕੀਤਾ ਕਿ ਇਸ ਵੇਲੇ ਕਾਂਗਰਸ ਦੀ ਕਮਾਨ ਕਿਸੇ ਨੌਜਵਾਨ ਆਗੂ ਨੂੰ ਸੌਂਪੀ ਜਾਣੀ ਚਾਹੀਦੀ ਹੈ। ਥਰੂਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਪ੍ਰਧਾਨ ਦੀ ਚੋਣ ਹੋਣ ਵੇਲੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਇਸ ਵਿਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰੇਗੀ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਇਹ ਫ਼ੈਸਲਾ ਕਰੇਗਾ ਕਿ ਪ੍ਰਿਯੰਕਾ ਇਸ ਅਹੁਦੇ ਲਈ ਚੋਣ ਲੜੇਗੀ ਜਾਂ ਨਹੀਂ। ਥਰੂਰ ਨੇ ਇਕ ਇੰਟਰਵਿਊ ਦੌਰਾਨ ਪਾਰਟੀ ਦੀ ਮੌਜੂਦਾ ਸਥਿਤੀ ’ਤੇ ਸੰਤੁਸ਼ਟੀ ਪ੍ਰਗਟ ਨਹੀਂ ਕੀਤੀ ਤੇ ਕਿਹਾ ਕਿ ਕਾਂਗਰਸ ਜਿਨ੍ਹਾਂ ਹਾਲਾਤ ਵਿਚੋਂ ਗੁਜ਼ਰ ਰਹੀ ਹੈ ਉਸ ਦਾ ਹਾਲੇ ਕੋਈ ਸਪੱਸ਼ਟ ਜਵਾਬ ਨਹੀਂ ਹੈ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਪਾਰਟੀ ਵਰਕਰ ਤੇ ਸਮਰਥਕ ਆਗੂ ਦੀ ਕਮੀ ਮਹਿਸੂਸ ਕਰ ਰਹੇ ਹਨ ਜਿਹੜਾ ਅਹਿਮ ਫ਼ੈਸਲੇ ਲੈ ਸਕੇ, ਕਮਾਨ ਸੰਭਾਲੇ ਤੇ ਪਾਰਟੀ ਵਿਚ ਨਵੀਂ ਰੂਹ ਫੂਕ ਸਕੇ। ਥਰੂਰ ਨੇ ਉਮੀਦ ਜਤਾਈ ਕਿ ਕਾਂਗਰਸ ਵਰਕਿੰਗ ਕਮੇਟੀ ਮੌਜੂਦਾ ਸਥਿਤੀ ਨੂੰ ‘ਬੇਹੱਦ ਗੰਭੀਰਤਾ’ ਨਾਲ ਲੈ ਰਹੀ ਹੈ ਤੇ ਬਿਨਾਂ ਦੇਰੀ ਹੱਲ ਲੱਭਣ ਵਿਚ ਲੱਗੀ ਹੋਈ ਹੈ।

VIA PUNJAB