ਅਮਰੀਕਾ ਚ ਤੂਫਾਨ ਕਾਰਨ 7 ਕਰੋੜ ਲੋਕ ਪ੍ਰਭਾਵਿਤ, ਬਿਜਲੀ ਸਪਲਾਈ ਠੱਪ

ਵਾਸ਼ਿੰਗਟਨ – ਮੱਧ ਅਮਰੀਕਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇ ਪੈਣ ਕਾਰਨ ਕਰੀਬ 7 ਕਰੋੜ ਲੋਕ ਮੁਸੀਬਤ ਵਿਚ ਹਨ। ਇੱਥੋਂ ਦੇ ਇਲਾਕਿਆਂ ਵਿਚ ਆਏ 50 ਤੋਂ ਵੱਧ ਤਬਾਹਕੁੰਨ ਤੂਫਾਨਾਂ ਨੇ ਤਬਾਹੀ ਮਚਾਈ ਹੋਈ ਹੈ। ਵੱਡੇ ਪੱਧਰ ‘ਤੇ ਚੱਲ ਰਹੀਆਂ ਹਵਾਵਾਂ ਨੇ ਕਈ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ, ਸਕੂਲਾਂ ਅਤੇ ਦੁਕਾਨਾਂ ਨੂੰ ਤਬਾਹ ਕਰ ਦਿੱਤਾ। ਤੂਫਾਨ ਨੇ ਟਰੱਕਾਂ ਅਤੇ ਰੁੱਖਾਂ ਨੂੰ ਸੁੱਕ ਪੱਤੇ ਵਾਂਗ ਉਡਾ ਦਿੱਤਾ। ਜ਼ਿਕਰਯੋਗ ਹੈ ਕਿ ਟਾਰਨੇਡੋ ਐਲੇ ਹਮੇਸ਼ਾ ਤੋਂ ਹੀ ਤੂਫਾਨ ਦੇ ਨਿਸ਼ਾਨੇ ‘ਤੇ ਰਿਹਾ ਹੈ। ਟਾਰਨੇਡੋ ਐਲੇ ਵਿਚ ਟੈਕਸਾਸ, ਓਕਲਾਹੋਮਾ, ਕੰਸਾਸ, ਨੇਬਾਰਸਕਾ, ਪੂਰਬੀ ਕੋਲੋਰਾਡੋ ਅਤੇ ਦੱਖਣੀ ਡਕੋਟਾ ਦੇ ਕੁਝ ਹਿੱਸੇ ਆਉਂਦੇ ਹਨ। ਇਸ ਵਾਰ ਤੂਫਾਨ ਨੇ 18 ਰਾਜਾਂ ਦੇ ਲੱਗਭਗ 4 ਕਰੋੜ ਵਸਨੀਕਾਂ ਦੀ ਜਾਨ ਖਤਰੇ ਵਿਚ ਪਾਈ ਹੋਈ ਹੈ। ਭਾਵੇਂਕਿ ਹਾਲੇ ਤੱਕ ਕਿਸੇ ਦੀ ਮਰਨ ਦੀ ਖਬਰ ਨਹੀਂ ਹੈ ਪਰ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹਨ।ਸ਼ੁੱਕਰਵਾਰ ਨੂੰ ਨੇਬਾਰਸਕਾ ਅਤੇ ਕੰਸਾਸ ਵਿਚ 30 ਤੋਂ ਵੱਧ ਤੂਫਾਨ ਆਏ। ਟੈਕਸਾਸ ਵਿਚ ਘੱਟੋ-ਘੱਟ 6 ਅਤੇ ਇਕ ਓਕਲਾਹੋਮਾ ਵਿਚ ਆਇਆ। ਰਾਸ਼ਟਰੀ ਮੌਸਮ ਸੇਵਾ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਵਿਚ ਗੰਭੀਰ ਮੌਸਮ ਦੀ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਗੜੇ ਅਤੇ ਕੁਝ ਤੂਫਾਨ ਸ਼ੁੱਕਰਵਾਰ ਸ਼ਾਮ ਤੱਕ ਮੱਧ ਅਮਰੀਕਾ ਵਿਚ ਆਏ ਜੋ ਮੁੱਖ ਰੂਪ ਨਾਲ ਨੇਬਾਰਸਕਾ ਅਤੇ ਦੱਖਣੀ ਡਕੋਟਾ ਦੇ ਖੇਤਰ ਨੂੰ ਪ੍ਰਭਾਵਿਤ ਕਰ ਰਹੇ ਹਨ।

VIA PUNJAB