ਅਮਰੀਕਾ ਨੇ ਹਮਜ਼ਾ ਲਾਦੇਨ ਤੇ ਰੱਖਿਆ 70 ਕਰੋੜ ਰੁਪਏ ਦਾ ਇਨਾਮ

ਵਾਸ਼ਿੰਗਟਨ – ਅਮਰੀਕਾ ਨੇ ਅਲ-ਕਾਇਦਾ ਅੱਤਵਾਦੀ ਸਮੂਹ ਦੇ ਪ੍ਰਮੁੱਖ ਹਮਜ਼ਾ ਬਿਨ ਲਾਦੇਨ ਦੇ ਠਿਕਾਣੇ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ (70 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ ਹੈ| ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਇਕ ਪ੍ਰੈਸ ਬਿਆਨ ਜਾਰੀ ਕੀਤਾ ਹੈ| ਮੰਤਰਾਲੇ ਵੱਲੋਂ ਬਿਆਨ ਮੁਤਾਬਕ,”ਅਲ-ਕਾਇਦਾ ਦੇ ਪ੍ਰਮੁੱਖ ਹਮਜ਼ਾ ਬਿਨ ਲਾਦੇਨ ਦੇ ਕਿਸੇ ਵੀ ਦੇਸ਼ ਵਿਚ ਹੋਣ ਜਾਂ ਉਸ ਸਬੰਧੀ ਜਗ੍ਹਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਜਸਟਿਸ ਪ੍ਰੋਗਰਾਮ ਦੇ ਤਹਿਤ 10 ਲੱਖ ਅਮਰੀਕੀ ਡਾਲਰ ਤੱਕ ਦਾ ਇਨਾਮ ਦੇਵੇਗਾ|” ਜ਼ਿਕਰਯੋਗ ਹੈ ਕਿ ਹਮਜ਼ਾ ਬਿਨ ਲਾਦੇਨ ਅਲ-ਕਾਇਦਾ ਦੇ ਸਾਬਕਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਦਾ ਬੇਟਾ ਹੈ ਅਤੇ ਉਹ ਸੰਗਠਨ ਦੇ ਪ੍ਰਮੁੱਖ ਦੇ ਰੂਪ ਵਿਚ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ| ਬਿਆਨ ਮੁਤਾਬਕ ਹਮਜ਼ਾ ਬਿਨ ਲਾਦੇਨ ਨੇ ਬੀਤੇ ਚਾਰ ਸਾਲਾਂ ਤੋਂ ਵੱਧ ਸਮੇਂ ਦੇ ਦੌਰਾਨ ਇੰਟਰਨੈਟ ਤੇ ਆਡੀਓ ਅਤੇ ਵੀਡੀਓ ਸੰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਚੇਲਿਆਂ ਨੂੰ ਆਪਣੇ ਪਿਤਾ ਦੀ ਹੱਤਿਆ ਲਈ ਅਮਰੀਕਾ ਵਿਰੁੱਧ ਹਮਲੇ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ| ਇਸ ਤੋਂ ਪਹਿਲਾਂ ਅਮਰੀਕਾ ਦੀ ਡਿਪਲੋਮੈਟਿਕ ਸੁਰੱਖਿਆ ਲਈ ਸਹਾਇਕ ਸਕੱਤਰ ਮਾਈਕਲ ਇਵਾਨਾਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਦਾ ਮੰਨਣਾ ਹੈ ਕਿ ਅੱਤਵਾਦੀ ਹਮਜ਼ਾ ਅਫਗਾਨਿਸਤਾਨ -ਪਾਕਿਸਤਾਨੀ ਸਰਹੱਦ ਨੇੜੇ ਲੁਕਿਆ ਹੋਇਆ ਹੈ ਹਾਲਾਂਕਿ ਉਹ ਈਰਾਨ ਵਿਚ ਵੀ ਠਿਕਾਣਾ ਲੱਭਣ ਦੀ ਕੋਸ਼ਿਸ਼ ਕਰ ਸਕਦਾ ਹੈ|

VIA PUNJAB