ਅਮਰੀਕਾ ਵਿੱਚ ਭਾਰਤੀ ਮੂਲ ਦੇ ਊਬਰ ਚਾਲਕ ਨੂੰ ਤਿੰਨ ਸਾਲ ਕੈਦ

ਅਮਰੀਕਾ ਵਿੱਚ ਭਾਰਤੀ ਮੂਲ ਦੇ ਊਬਰ ਚਾਲਕ ਨੂੰ ਮਹਿਲਾ ਯਾਤਰੀ ਨੂੰ ਅਗਵਾ ਕਰਨ ਅਤੇ ਸੁੰਨਸਾਨ ਜਗ੍ਹਾ ’ਤੇ ਛੱਡਣ ਦੇ ਦੋਸ਼ ਹੇਠ ਅਦਾਲਤ ਵੱਲੋਂ ਤਿੰਨ ਸਾਲਾਂ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਜਿਓਫਰੀ ਬਰਮੈਨ ਨੇ ਕਿਹਾ ਕਿ ਨਿਊਯਾਰਕ ਵਿੱਚ ਰਹਿਣ ਵਾਲੇ ਹਰਬੀਰ ਪਰਮਾਰ (25) ਨੂੰ ਇਸ ਸਾਲ ਮਾਰਚ ਵਿੱਚ ਅਮਰੀਕਾ ਦੇ ਜ਼ਿਲ੍ਹਾ ਜੱਜ ਵਿਨਸੈਂਟ ਬ੍ਰਿਸਟੀ ਦੀ ਅਦਾਲਤ ’ਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ’ਤੇ ਜੱਜ ਨੇ ਉਸ ਨੂੰ ਅਗਵਾ ਤੇ ਧੋਖਾਧੜੀ ਦੇ ਦੋਸ਼ ਵਿੱਚ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਰਬੀਰ ਨੂੰ ਰਿਹਾਅ ਹੋਣ ਤੋਂ ਬਾਅਦ ਤਿੰਨ ਸਾਲਾਂ ਤੱਕ ਨਿਗਰਾਨੀ ਵਿੱਚ ਰਹਿਣਾ ਹੋਵੇਗਾ। ਉਸ ਨੂੰ 3,642 ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ।ਮਾਮਲੇ ਦੀ ਸੁਣਵਾਈ ਦੌਰਾਨ ਦਿੱਤੇ ਗਏ ਬਿਆਨਾਂ ਅਨੁਸਾਰ ਊਬਰ ਲਈ ਕੰਮ ਕਰਨ ਵਾਲੇ ਵਾਹਨ ਚਾਲਕ ਹਰਬੀਰ ਨੇ ਨਿਊਯਾਰਕ ਵਿੱਚ ਇਕ ਮਹਿਲਾ ਯਾਤਰੀ ਨੂੰ ਆਪਣੇ ਵਾਹਨ ਵਿੱਚ ਬਿਠਾਇਆ ਜੋ ਨਿਊਯਾਰਕ ਸ਼ਹਿਰ ਦੇ ਨਾਲ ਲੱਗਦੇ ਵ੍ਹਾਈਟ ਪਲੇਨਜ਼ ਜਾਣਾ ਚਾਹੁੰਦੀ ਸੀ। ਇਸ ਦੌਰਾਨ ਮਹਿਲਾ ਯਾਤਰੀ ਵਾਹਨ ਦੀ ਪਿਛਲੀ ਸੀਟ ’ਤੇ ਸੌਂ ਗਈ ਤਾਂ ਹਰਬੀਰ ਨੇ ਊਬਰ ਮੋਬਾਈਲ ਐਪ ਵਿੱਚ ਯਾਤਰੀ ਦੇ ਜਾਣ ਦਾ ਸਥਾਨ ਬਦਲ ਕੇ ਬੋਸਟਨ ਵਿੱਚ ਪੈਂਦੀ ਇਕ ਜਗ੍ਹਾ ਮੈਸਾਚੁਸੈਟਸ ਕਰ ਦਿੱਤਾ ਅਤੇ ਉਸ ਸਥਾਨ ਵੱਲ ਵਧਣ ਲੱਗਿਆ।

VIA PUNJAB