ਐਲਿਸਟਰ ਕੁੱਕ ਵੱਲੋਂ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

ਲੰਡਨ – ਇੰਗਲੈਂਡ ਲਈ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਾਬਕਾ ਕਪਤਾਨ ਐਲਿਸਟਰ ਕੁੱਕ ਨੇ ਭਾਰਤ ਖ਼ਿਲਾਫ਼ ਮੌਜੂਦਾ ਟੈਸਟ ਲੜੀ ਦੇ ਪੰਜਵੇਂ ਤੇ ਆਖ਼ਰੀ ਮੈਚ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਲੜੀ ਦਾ ਅੰਤਿਮ ਮੈਚ ਸੱਤ ਸਤੰਬਰ ਨੂੰ ‘ਦਿ ਓਵਲ’ ਵਿੱਚ ਖੇਡਿਆ ਜਾਵੇਗਾ। ਇਹ 33 ਸਾਲਾ ਕੁੱਕ ਦੇ ਟੈਸਟ ਕਰੀਅਰ ਦਾ 161ਵਾਂ ਮੈਚ ਹੋਵੇਗਾ। ਉਨ੍ਹਾਂ ਨੇ ਹੁਣ ਤੱਕ 44.48 ਦੀ ਔਸਤ ਨਾਲ 12,254 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ 32 ਸੈਂਕੜੇ ਤੇ 56 ਅਰਧ ਸੈਂਕੜੇ ਸ਼ਾਮਲ ਹਨ। ਭਾਰਤ ਖ਼ਿਲਾਫ਼ 2006 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੁੱਕ ਨੇ ਇਸੇ ਟੀਮ ਖ਼ਿਲਾਫ਼ 2011 ਵਿੱਚ ਬਰਮਿੰਘਮ ਵਿੱਚ ਆਪਣੀ ਸਰਵੋਤਮ 294 ਦੌੜਾਂ ਦੀ ਪਾਰੀ ਖੇਡੀ ਸੀ। ਮੌਜੂਦਾ ਲੜੀ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਆਸ ਮੁਤਾਬਕ ਨਹੀਂ ਰਿਹਾ ਹੈ। ਇਸ ਵਿੱਚ ਉਨ੍ਹਾਂ ਚਾਰ ਟੈਸਟ ਮੈਚਾਂ ਦੀਆਂ ਸੱਤ ਪਾਰੀਆਂ ਵਿੱਚ ਮਹਿਜ਼ 109 ਦੌੜਾਂ ਬਣਾਈਆਂ ਹਨ। ਇੰਗਲੈਂਡ ਕ੍ਰਿਕਟ ਬੋਰਡ ਤੋਂ ਜਾਰੀ ਬਿਆਨ ਮੁਤਾਬਕ ਕੁੱਕ ਨੇ ਕਿਹਾ ਕਿ ਪਿੱਛਲੇ ਕੁੱਝ ਮਹੀਨਿਆਂ ਤੋਂ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਭਾਰਤ ਖ਼ਿਲਾਫ਼ ਲੜੀ ਤੋਂ ਬਾਅਦ ਉਹ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਹਾਲਾਂਕਿ ਕੁੱਕ ਨੇ ਨਾਲ ਹੀ ਕਿਹਾ ਕਿ ਇਹ ਉਦਾਸ ਕਰਨ ਵਾਲਾ ਦਿਨ ਹੈ, ਪਰ ਉਹ ਅਜਿਹਾ ਖੁਸ਼ੀ ਨਾਲ ਕਰ ਰਹੇ ਹਨ ਕਿਉਂਕਿ ਉਹ ਆਪਣੇ ਕਰੀਅਰ ਤੋਂ ਸੰਤੁਸ਼ਟ ਹਨ।

VIA PUNJAB