ਜੇਤਲੀ ਨੇ ਡੁੱਬੇ ਕਰਜ਼ਿਆਂ ਦਾ ਭਾਂਡਾ ਆਰਬੀਆਈ ਸਿਰ ਭੰਨਿਆ

ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇੱਥੇ ਬੈਂਕਾਂ ਵਲੋਂ 2008-14 ਦਰਮਿਆਨ ‘ਧੜਾਧੜ’ ਕਰਜ਼ਾ ਵੰਡੇ ਜਾਣ ਦੀ ਨਜ਼ਰਸਾਨੀ ’ਚ ਨਾਕਾਮ ਰਹਿਣ ’ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਨਾ ਮੁੜਨ ਦਾ ਇਹ ਇਕ ਵੱਡਾ ਕਾਰਨ ਹੈ। ਵਿੱਤ ਮੰਤਰੀ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦ ਵਿੱਤ ਮੰਤਰਾਲੇ ਤੇ ਆਰਬੀਆਈ ਵਿਚਕਾਰ ਆਰਥਿਕ ਰਣਨੀਤੀ ਸਬੰਧੀ ਖ਼ੁਦਮੁਖਤਿਆਰ ਢਾਂਚੇ ਦੀ ਕਾਇਮੀ ਬਾਰੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਵੀ. ਅਚਾਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕੇਂਦਰੀ ਬੈਂਕ ਦੀ ਖ਼ੁਦਮੁਖਤਿਆਰੀ ਨੂੰ ਅਣਗੌਲਿਆਂ ਕਰਨਾ ‘ਤਬਾਹਕੁੰਨ’ ਸਾਬਿਤ ਹੋ ਸਕਦਾ ਹੈ। ਗਵਰਨਰ ਦੇ ਇਸ ਬਿਆਨ ਨੂੰ ਸਰਕਾਰੀ ‘ਦਬਾਅ’ ਦੇ ਵਿਰੋਧ ਵਜੋਂ ਦੇਖਿਆ ਜਾ ਰਿਹਾ ਹੈ। ਕੁਝ ਰਿਪੋਰਟਾਂ ਮੁਤਾਬਕ ਸਰਕਾਰ ਆਰਬੀਆਈ ’ਤੇ ਆਪਣੀਆਂ ਤਾਕਤਾਂ ਦਾ ਘੇਰਾ ਘਟਾਉਣ ਤੇ ਕੁਝ ਨੀਤੀਆਂ ਨੂੰ ਨਰਮ ਕਰਨ ਬਾਰੇ ਦਬਾਅ ਪਾ ਰਹੀ ਹੈ। ਸ੍ਰੀ ਜੇਤਲੀ ਨੇ ਕਿਹਾ ਕਿ 2008-14 ਦਾ ਦੌਰ ਆਰਥਿਕ ਮੰਦਹਾਲੀ ਵਾਲਾ ਰਿਹਾ ਹੈ, ਪਰ ਉਸ ਦੌਰਾਨ ਵੀ ਸਮੇਂ ਦੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਧਾਰ ਦੇਣ ਦੀ ਦਰ 31 ਫੀਸਦ ਤੱਕ ਪਹੁੰਚਾ ਦਿੱਤੀ ਗਈ। ਜਦਕਿ ਆਮ ਤੌਰ ’ਤੇ ਇਹ 14 ਫੀਸਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਦਰ ਬਣਾਏ ਰੱਖਣ ਲਈ ਬੈਂਕਾਂ ਨੇ ‘ਅੰਨ੍ਹੇਵਾਹ’ ਕਰਜ਼ਾ ਦਿੱਤਾ ਜੋ ਨੁਕਸਾਨਦਾਇਕ ਸਾਬਿਤ ਹੋਇਆ ਹੈ।

VIA PUNJAB