ਵਿੰਡੀਜ਼ ਤੋਂ ਅੱਜ ਇੱਕ ਰੋਜ਼ਾ ਲੜੀ ਜਿੱਤ ਕੇ ਭਾਰਤ ਦੀ ਵਿਸ਼ਵ ਕੱਪ ’ਤੇ ਨਜ਼ਰ

ਤਿਰੂਵਨੰਤਪੁਰਮ – ਭਾਰਤ ਵੀਰਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਇੱਕ ਹੋਰ ਘਰੇਲੂ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਇਸ ਸ਼ਹਿਰ ਨੇ ਲਗਪਗ ਤਿੰਨ ਦਹਾਕੇ ਪਹਿਲਾਂ 50 ਓਵਰਾਂ ਦੇ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਕੀਤੀ ਸੀ। ਉਸ ਸਮੇਂ ਵੈਸਟ ਇੰਡੀਜ਼ ਦੀ ਟੀਮ ਕਾਫੀ ਮਜ਼ਬੂਤ ਮੰਨੀ ਜਾਂਦੀ ਸੀ। ਭਾਰਤ ਨੇ ਪਿਛਲੀ ਵਾਰ ਘਰੇਲੂ ਇੱਕ ਰੋਜ਼ਾ ਲੜੀ 2015 ਵਿੱਚ ਦੱਖਣੀ ਅਫਰੀਕਾ ਤੋਂ ਗੁਆਈ ਸੀ। ਉਦੋਂ ਤੋਂ ਭਾਰਤ ਦੀ ਸਵਦੇਸ਼ ਵਿੱਚ ਜੇਤੂ ਮੁਹਿੰਮ ਜਾਰੀ ਹੈ। ਭਾਰਤ ਇਸ ਸਮੇਂ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਚੱਲ ਰਿਹਾ ਹੈ, ਜਿਸ ਦਾ ਇੱਕ ਮੈਚ ਟਾਈ ਵੀ ਰਿਹਾ। ਭਾਰਤ ਨੂੰ ਹਾਲਾਂਕਿ ਲੜੀ ਦੌਰਾਨ ਵੈਸਟ ਇੰਡੀਜ਼ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ। ਪੁਣੇ ਵਿੱਚ ਮੇਜ਼ਬਾਨ ਟੀਮ ਤੀਜਾ ਇੱਕ ਰੋਜ਼ਾ ਮੈਚ ਹਾਰ ਗਈ ਸੀ, ਜੋ ਭਾਰਤ ਦੌਰੇ ’ਤੇ ਵੈਸਟ ਇੰਡੀਜ਼ ਦੀ ਪਹਿਲੀ ਜਿੱਤ ਸੀ। ਕੱਲ੍ਹ ਦੇ ਮੈਚ ਦੌਰਾਨ ਹਾਲਾਂਕਿ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪੁਣੇ ਵਿੱਚ ਹਾਰ ਮਗਰੋਂ ਵਾਪਸੀ ਕਰਦਿਆਂ ਮੁੰਬਈ ਵਿੱਚ ਚੌਥੇ ਇੱਕ ਰੋਜ਼ਾ ਵਿੱਚ ਵਿਰੋਧੀ ਟੀਮ ਨੂੰ 224 ਦੌੜਾਂ ਨਾਲ ਹਰਾਇਆ ਸੀ ਅਤੇ ਟੀਮ ਨੂੰ ਉਮੀਦ ਹੋਵੇਗੀ ਕਿ ਪੰਜਵੇਂ ਇੱਕ ਰੋਜ਼ਾ ਵਿੱਚ ਵੀ ਉਹ ਇਸ ਲੈਅ ਨੂੰ ਕਾਇਮ ਰੱਖੇਗਾ। ਤਿਰੂਵਨੰਤਪੁਰਮ ਵਿੱਚ ਪਿਛਲਾ ਇੱਕ ਰੋਜ਼ਾ ਵੀ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਹੀ ਖੇਡਿਆ ਗਿਆ ਸੀ। ਉਦੋਂ ਵੈਸਟ ਇੰਡੀਜ਼ ਨੇ ਆਸਾਨ ਜਿੱਤ ਦਰਜ ਕੀਤੀ ਸੀ। ਜੇਸਨ ਹੋਲਡਰ ਦੀ ਟੀਮ ਦਾ ਵੀ ਇਰਾਦਾ ਲੜੀ ਵਿੱਚ ਬਰਾਬਰੀ ਕਰਨ ਦਾ ਹੋਵੇਗਾ। ਇੰਗਲੈਂਡ ਵਿੱਚ ਅਗਲੇ ਸਾਲ ਜੂਨ ਵਿੱਚ ਹੋਣ ਵਾਲੇ ਵਿਸ਼ਵ ਕੱਪ ਨੂੰ ਵੇਖਦਿਆਂ ਦੋਵੇਂ ਟੀਮਾਂ ਇਸ ਲੜੀ ਰਾਹੀਂ ਆਪਣਾ ਤਾਲਮੇਲ ਬਿਠਾਉਣ ਦੇ ਯਤਨ ਵਿੱਚ ਹਨ। ਕੋਹਲੀ ਅਤੇ ਰੋਹਿਤ ਸ਼ਰਮਾ ਬਿਹਤਰੀਨ ਲੈਅ ਵਿੱਚ ਹਨ ਅਤੇ ਲੜੀ ਵਿੱਚ ਕ੍ਰਮਵਾਰ ਤਿੰਨ ਅਤੇ ਦੋ ਸੈਂਕੜੇ ਮਾਰ ਚੁੱਕੇ ਹਨ। ਕਪਤਾਨ ਦਾ ਸਮਰਥਨ ਪ੍ਰਾਪਤ ਅੰਬਾਤੀ ਰਾਇਡੂ ਨੇ ਵੀ ਪਿਛਲੇ ਮੈਚ ਵਿੱਚ ਸੈਂਕੜੇ ਵਾਲੀ ਪਾਰੀ ਖੇਡੀ ਸੀ। ਭਾਰਤ ਵੱਲੋਂ ਦਸ ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਸਿਰਫ਼ ਇੱਕ ਦੌੜ ਦੀ ਲੋੜ ਹੈ। ਉਸ ਨੇ 124 ਦੌੜਾਂ ਏਸ਼ੀਆ ਇਲੈਵਨ ਵੱਲੋਂ ਬਣਾਈਆਂ ਹਨ। ਜਸਪ੍ਰੀਤ ਬਮਰਾਹ ਦੀ ਵਾਪਸੀ ਨਾਲ ਭਾਰਤ ਦਾ ਗੇਂਦਬਾਜ਼ੀ ਵਿਭਾਗ ਮਜ਼ਬੂਤ ਹੋਇਆ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਬ੍ਰੇਬੋਰਨ ਸਟੇਡੀਅਮ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਕੋਹਲੀ ਨੂੰ ਭੁਵਨੇਸ਼ਵਰ ਕੁਮਾਰ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜੋ ਹਾਲੇ ਤੱਕ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ। ਕੁਲਦੀਪ ਯਾਦਵ ਸਾਹਮਣੇ ਵੈਸਟ ਇੰਡੀਜ਼ ਦੇ ਜ਼ਿਆਦਾਤਰ ਬੱਲੇਬਾਜ਼ ਜੂਝਦੇ ਨਜ਼ਰ ਆਏ, ਜਦਕਿ ਯੁਜ਼ਵੇਂਦਰ ਚਾਹਲ ਨੂੰ ਪਿਛਲੇ ਮੈਚ ਵਿੱਚ ਬਾਹਰ ਕਰਕੇ ਉਸ ਦੀ ਥਾਂ ਰਵਿੰਦਰ ਜਡੇਜਾ ਨੂੰ ਮੌਕਾ ਦਿੱਤਾ ਗਿਆ ਹੈ।

VIA PUNJAB