ਟੀ-20: ਭਾਰਤ ਨੇ ਨਿਊਜ਼ੀਲੈਂਡ ਨਾਲ ਲੜੀ ਬਰਾਬਰ ਕੀਤੀ

ਔਕਲੈਂਡ – ਕੁਣਾਲ ਪੰਡਿਆ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਕੁਣਾਲ (ਤਿੰਨ ਵਿਕਟਾਂ) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ’ਤੇ 158 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਮਗਰੋਂ ਮਹਿਮਾਨ ਟੀਮ ਨੇ ਸੱਤ ਗੇਂਦ ਬਾਕੀ ਰਹਿੰਦਿਆਂ ਟੀਚਾ ਵੀ ਹਾਸਲ ਕਰ ਲਿਆ। ਰੋਹਿਤ ਨੇ 29 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜੋ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਅਤੇ ਸ਼ਿਖਰ ਧਵਨ ਨੇ 79 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਵਿੱਚ ਧਵਨ ਨੇ 31 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਭਾਰਤ ਲਈ ਜੇਤੂ ਦੌੜ ਰਿਸ਼ਭ ਪੰਤ ਨੇ ਬਣਾਈ, ਜਿਸ ਨੂੰ ਮਹਿੰਦਰ ਸਿੰਘ ਧੋਨੀ ਦਾ ਬਦਲ ਮੰਨਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਖ਼ੁਦ ਧੋਨੀ ਉਸ ਨਾਲ ਖੜ੍ਹਾ ਸੀ। ਪੰਤ ਨੇ 28 ਗੇਂਦਾਂ ਵਿੱਚ ਨਾਬਾਦ 40 ਦੌੜਾਂ ਬਣਾਈਆਂ। ਹੁਣ ਲੜੀ 1-1 ਨਾਲ ਬਰਾਬਰੀ ’ਤੇ ਹੈ, ਜਦਕਿ ਤੀਜਾ ਅਤੇ ਆਖ਼ਰੀ ਮੈਚ ਹੈਮਿਲਟਨ ਵਿੱਚ ਐਤਵਾਰ ਨੂੰ ਖੇਡਿਆ ਜਾਵੇਗਾ। ਧੋਨੀ 17 ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਨਾਬਾਦ ਰਿਹਾ। ਦੋਵਾਂ ਨੇ ਚੌਥੀ ਵਿਕਟ ਦੀ ਨਾਬਾਦ ਸਾਂਝੇਦਾਰੀ ਵਿੱਚ 44 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕੁਣਾਲ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਵਿੱਚ ਕੋਲਿਨ ਮੁਨਰੋ (12 ਦੌੜਾਂ) ਅਤੇ ਕਪਤਾਨ ਕੇਨ ਵਿਲੀਅਮਸਨ (20 ਦੌੜਾਂ) ਦੀ ਵਿਕਟ ਸ਼ਾਮਲ ਸੀ। ਕੁਣਾਲ ਨੇ ਡੇਰਿਲ ਮਿਸ਼ੇਲ (ਇੱਕ ਦੌੜ) ਦੀ ਵਿਕਟ ਵਿਵਾਦਮਈ ਢੰਗ ਨਾਲ ਲਈ, ਜੋ ਅੰਪਾਇਰ ਦੇ ਗ਼ਲਤ ਫ਼ੈਸਲੇ ਦਾ ਸ਼ਿਕਾਰ ਹੋਇਆ। ਹਾਲਾਂਕਿ ‘ਹਾਟਸਪਾਟ’ ਤੋਂ ਜ਼ਾਹਰ ਸੀ ਕਿ ਗੇਂਦ ਬੱਲੇ ਨਾਲ ਲੱਗ ਕੇ ਪੈਡ ’ਤੇ ਲੱਗੀ। ਆਈਪੀਐੱਲ ਵਿੱਚ ਕੇਕੇਆਰ ਖੇਡਣ ਵਾਲੇ ਕੋਲਿਨ ਡੇਅ ਗਰੈਂਡਹੋਮ ਨੇ 28 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਉਸ ਨੇ ਰੋਸ ਟੇਲਰ ਨਾਲ ਪੰਜਵੀਂ ਵਿਕਟ ਲਈ 77 ਦੌੜਾਂ ਬਣਾਈਆਂ। ਟੇਲਰ ਨੇ 36 ਗੇਂਦਾਂ ਵਿੱਚ 42 ਦੌੜਾਂ ਬਣਾਈਆਂ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਇੱਕ ਵਿਕਟ ਲਈ। ਕੁਣਾਲ ਨੇ ਪਾਵਰਪਲੇਅ ਦੇ ਅੰਦਰ ਨਿਊਜ਼ੀਲੈਂਡ ਨੂੰ ਝਟਕੇ ਦਿੱਤੇ। ਮੁਨਰੋ ਨੇ ਕਵਰ ਵਿੱਚ ਕੈਚ ਦਿੱਤਾ, ਜਦੋਂਕਿ ਵਿਲੀਅਮਸਨ ਐਲਬੀਡਬਲਯੂ ਆਊਟ ਹੋਇਆ।

VIA PUNJAB