ਫਿਲਪੀਨਜ਼ ਵਿੱਚ ਭੂਚਾਲ ਦੇ ਝਟਕਿਆਂ ਕਾਰਨ 8 ਵਿਅਕਤੀਆਂ ਦੀ ਮੌਤ, 60 ਜ਼ਖਮੀ

ਮਨੀਲਾ – ਫਿਲਪੀਨਜ਼ ਦੇ ਲੁਜੋਨ ਟਾਪੂ ਦੇ ਬਾਟਨੇਸ ਵਿੱਚ ਅੱਜ ਘੱਟ ਸਮੇਂ ਦੇ ਫਰਕ ਨਾਲ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 60 ਵਿਅਕਤੀ ਜ਼ਖਮੀ ਹੋ ਗਏ| ਬਾਟਨੇਸ ਦੇ ਗਵਰਨਰ ਮਾਰਿਲੋ ਕਾਇਕੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 4.16 ਵਜੇ ਭੂਚਾਲ ਆਇਆ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ| ਉਨ੍ਹਾਂ ਕਿਹਾ ਕਿ ਭੂਚਾਲ ਨਾਲ ਇਤਿਹਾਸਕ ਚਰਚ ਅਤੇ ਘਰ ਨੁਕਸਾਨੇ ਗਏ ਹਨ| ਇਸ ਸਮੇਂ ਲੋਕ ਸੁੱਤੇ ਹੋਏ ਸਨ, ਇਸ ਕਰਕੇ ਜਾਨੀ ਨੁਕਸਾਨ ਹੋਇਆ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਅਤੇ ਭੂਚਾਲ ਦਾ ਕੇਂਦਰ ਇਟਬਾਇਟ ਸ਼ਹਿਰ ਤੋਂ 12 ਕਿਲੋ ਮੀਟਰ ਦੀ ਦੂਰੀ ਤੇ ਸੀ| ਫਿਲਪੀਨ ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 7.38 ਵਜੇ ਭੂਚਾਲ ਦਾ ਦੂਜਾ ਝਟਕਾ ਲੱਗਾ, ਜਿਸ ਦੀ ਤੀਬਰਤਾ 5.9 ਮਾਪੀ ਗਈ| ਪਹਿਲਾਂ ਟੀ.ਵੀ. ਚੈਨਲਾਂ ਤੇ ਇਸ ਦੀ ਤੀਬਰਤਾ 6.4 ਦੱਸੀ ਗਈ ਸੀ ਪਰ ਬਾਅਦ ਵਿੱਚ ਉਨ੍ਹਾਂ ਵਲੋਂ ਗਲਤੀ ਸੁਧਾਰ ਲਈ ਗਈ| ਭੂਚਾਲ ਦਾ ਕੇਂਦਰ ਇਟਬਾਇਟ ਤੋਂ ਉੱਤਰ-ਪੱਛਮ ਵਿੱਚ 19 ਕਿਲੋ ਮੀਟਰ ਦੀ ਦੂਰੀ ਤੇ ਸੀ| ਇਸ ਕਾਰਨ ਘਰਾਂ ਤੇ ਇਮਾਰਤਾਂ ਨੂੰ ਹਲਕਾ ਨੁਕਸਾਨ ਪੁੱਜਾ ਹੈ| ਬਾਸਕੋ ਅਤ ਸਬਤਾਂਗ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ|

VIA PUNJAB