ਬਹਿਬਲ ਕਲਾਂ ਗੋਲੀ ਕਾਂਡ ’ਚ ਸ਼ਾਮਿਲ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਕਾਬੂ

ਵਿਦੇਸ਼ ਭੱਜਣ ਦੀ ਤਾਕ ’ਚ ਸੀ ਫੜਿਆ ਮੁਲਜ਼ਿਮ : ਸਿੱਟ

ਅਮ੍ਰਿਤਸਰ – ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਵਲੋਂ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਐਤਵਾਰ ਸਵੇਰੇ 4:30 ਵਜੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫਤਾਰੀ ਤੋਂ ਫੌਰੀ ਬਾਅਦ ਸਾਬਕਾ ਐਸ.ਐਸ.ਪੀ. ਨੂੰ ਪੁੱਛਗਿੱਛ ਲਈ ਅੰਮ੍ਰਿਤਸਰ ਦੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿਖੇ ਲਿਜਾਇਆ ਗਿਆ। ਇਸ ਬਹੁਚਰਚਿਤ ਕੇਸ ਵਿੱਚ ਇਹ ਪੁਲਿਸ ਅਧਿਕਾਰੀ ਮੁੱਖ ਮੁਲਜ਼ਿਮਾਂ ’ਚ ਸ਼ਾਮਿਲ ਹੈ। ਇਸ ਅਧਿਕਾਰੀ ਉਪਰ ਦੋਸ਼ ਹੈ ਕਿ ਉਸ ਨੇ 2015 ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਖੇ ਸੰਗਤ ’ਤੇ ਗੋਲੀ ਚਲਾਈ ਸੀ। ਹਾਈਕੋਰਟ ਵੱਲੋਂ ਹਰੀ ਝੰਡੀ ਦੇਣ ਪਿੱਛੋਂ ਇਸ ਕੇਸ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਜਾਂਚ ਟੀਮ ਵੱਲੋਂ ਜ਼ੋਰਦਾਰ ਯਤਨ ਅਰੰਭੇ ਗਏ ਹਨ। ਪੰਜਾਬ ਪੁਲਿਸ ਨੇ ਇੰਸਪੈਕਟਰ ਜਨਰਲ ਅਤੇ ਐਸ ਆਈ ਟੀ ਮੈਂਬਰ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਐਸ.ਐਸ. ਪੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ। ਉਨ੍ਹਾਂ ਮੁਤਾਬਿਕ ਚਰਨਜੀਤ ਸ਼ਰਮਾ ਵਿਦੇਸ਼ ਭਜਣ ਦੀ ਤਾਕ ਵਿਚ ਸਨ। ਉਸ ਦੇ ਪਾਸਪੋਰਟ ਉਪਰ ਕਈ ਦੇਸ਼ਾਂ ਦਾ ਵੀਜ਼ਾ ਲਗਿਆ ਹੋਇਆ ਸੀ ਤੇ ਉਹ ਟਿਕਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਸ੍ਰੀ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਸਬੰਧੀ ਪੁਖਤਾ ਸਬੂਤ ਮਿਲੇ ਸਨ ਕਿ ਚਰਨਜੀਤ ਸ਼ਰਮਾ ਵਿਦੇਸ਼ ਭਜਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਗ੍ਰਿਫਤਾਰੀ ਸਮੇਂ ਵੀ ਚਰਨਜੀਤ ਸ਼ਰਮਾ ਨੇ ਆਪਣੇ ਘਰ ਦੀ ਕੰਧ ਟੱਪ ਕੇ ਭਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦਾ ਘੇਰਾ ਕਾਫੀ ਤਰੀਕੇ ਨਾਲ ਲਗਾਇਆ ਗਿਆ ਸੀ, ਜਿਸ ਕਾਰਨ ਉਹ ਭਜਣ ਵਿਚ ਸਫਲ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਸੰਗਤ ’ਤੇ ਗੋਲੀਬਾਰੀ ਦੀ ਘਟਨਾ ਅਕਤੂਬਰ 2015 ਵਿੱਚ ਵਾਪਰੀ ਸੀ।

VIA PUNJAB