ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ, ਭਾਰਤ ਨੇ ਨਿਊਜ਼ੀਲੈਂਡ ਨੂੰ 90 ਦੌਡ਼ਾਂ ਨਾਲ ਹਰਾਇਆ

ਮਾਊਂਟ ਮੋਨਗਾਨੁਈ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨ ਡੇ ਓਵਲ ਦੇ ਮਾਊਂਟ ਮੋਨਗਾਨੁਈ ਮੈਦਾਨ ‘ਤੇ ਖੇਡਿਆ ਗਿਆ, ਜਿਸ ‘ਚ ਭਾਰਤ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੁਊਜ਼ੀਲੈਂਡ ਨੂੰ ਨਿਰਧਾਰਤ 50 ਓਵਰਾਂ ‘ਚ 325 ਦੌਡ਼ਾਂ ਦਾ ਟੀਚਾ ਦਿੱਤਾ । ਟੀਚਾ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 234 ਦੌਡ਼ਾਂ ‘ਤੇ ਆਲਆਊਟ ਹੋ ਗਈ ਅਤੇ ਭਾਰਤ ਨੇ ਦੂਜਾ ਵਨ ਡੇ 90 ਦੌਡ਼ਾਂ ਨਾਲ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ 15 ਦੌਡ਼ਾਂ ਬਣਾ ਕੇ ਭਵਨੇਸ਼ਵਰ ਕੁਮਾਰ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ 20 ਦੌਡ਼ਾਂ ਬਣਾ ਕੇ ਮਹੁੰਮਦ ਸ਼ਮੀ ਦੀ ਗੇਂਦ ‘ਤੇ ਕਲੀਨ ਬੋਲਡ ਹੋ ਗਏ। ਨਿਊਜ਼ੀਲੈਂਡ ਦੇ ਦੂਜੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਵੀ 31 ਦੌਡ਼ਾਂ ਬਣਾ ਕੇ ਚਾਹਲ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਨੂੰ ਚੌਥੀ ਸਫਲਤਾ ਕੇਦਰਾ ਯਾਦਵ ਨੇ ਰੋਸ ਟੇਲਰ (22) ਦੇ ਰੂਪ ‘ਚ ਦਿਵਾਈ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਟਾਮ ਲੈਥਮ (34) ਤੇ ਡੀ ਗ੍ਰੈਂਡਹੋਮ (3) ਦਾ ਸ਼ਿਕਾਰ ਕਰ ਕੇ ਨਿਊਜ਼ੀਲੈਂਡ ਦੀ ਕਮਰ ਤੋਡ਼ ਦਿੱਤੀ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਭਾਰਤ ਦੇ ਚਾਈਨਾ ਮੈਨ ਕੁਲਦੀਪ ਯਾਦਵ ਨੇ ਹੈਨਰੀ ਨਿਕੋਲਸ ਅਤੇ ਇਸ਼ ਸੋਢੀ ਨੂੰ ਵੀ ਪਵੇਲੀਅਨ ਦਾ ਰਾਹ ਦਿਖਾ ਦਿੱਤਾ। ਨਿਊਜ਼ੀਲੈਂਡ ਵਲੋਂ ਇਕਲੌਤੇ ਡਗ ਬ੍ਰੇਸਵੈਲ ਨੇ 35 ਗੇਂਦਾਂ ‘ਚ ਆਪਣਾ ਅਰਧ ਸੈਂਕਡ਼ਾ ਕੀਤਾ। ਇਸ ਤੋਂ ਬਾਅਦ ਬ੍ਰੇਸਵੈਲ ਸ਼ਾਟ ਲਾਉਣ ਦੇ ਚੱਕਰ ‘ਚ ਭੁਵਨੇਸ਼ਵਰ ਦੀ ਗੇਂਦ ‘ਤੇ ਧਵਨ ਨੂੰ ਕੈਚ ਦੇ ਬੈਠੇ। ਭਾਰਤ ਵਲੋਂ ਸਭ ਤੋਂ ਵੱਧ ਕੁਲਦੀਪ ਯਾਦਵ ਨੇ 4 ਵਿਕਟਾਂ ਹਾਸਲ ਕੀਤੀਆਂ। ਭਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ 2-2 ਵਿਕਟਾਂ ਜਦਿਕ ਕੇਦਾਰ ਯਾਦਵ ਅਤੇ ਮੁਹੰਮਦ ਸ਼ਮੀ ਨੂੰ 1-1 ਵਿਕਟ ਹਾਸਲ ਹੋਈ। ਭਾਰਤ ਨੇ ਇਹ ਮੈਚ 90 ਦੌਡ਼ਾਂ ਨਾਲ ਜਿੱਤ ਕੇ ਸੀਰੀਜ਼ ਵਿਚ 2-0 ਦੀ ਬਡ਼੍ਹਤ ਬਣਾ ਲਈ ਹੈ।

VIA PUNJAB